ਦੀਪਕ ਠਾਕੁਰ
ਤਲਵਾੜਾ, 28 ਦਸੰਬਰ
ਇੱਥੇ ਟੈਰੇਸ ਰੋਡ ’ਤੇ ਸਥਿਤ ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ ’ਤੇ ਮਾਲ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਰਸੂਖ਼ਦਾਰ ਵਿਅਕਤੀ ਨੇ ਕਬਜ਼ਾ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਡੈਮ ਰੋਡ ’ਤੇ ਸਥਿਤ ਪੁਲ ਨੰਬਰ-2 ਨੇੜੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੀ ਇੱਕ ਕਨਾਲ 19 ਮਰਲੇ ਜ਼ਮੀਨ ’ਤੇ ਸ਼ਹਿਰ ਦੇ ਇਕ ਰਸੂਖ਼ਦਾਰ ਵਿਅਕਤੀ ਨੇ ਮਾਲ ਮਹਿਕਮੇ ਦੇ ਰਿਕਾਰਡ ਵਿੱਚ ਕਥਿਤ ਤਰੁੱਟੀਆਂ ਦਾ ਲਾਭ ਉਠਾ ਕੇ ਕਬਜ਼ਾ ਕਰ ਲਿਆ ਹੈ।
ਆਰਟੀਆਈ ਕਾਰਕੁਨ ਬੀਰਬਲ ਸਿੰਘ ਨੇ ਦੱਸਿਆ ਕਿ ਸੂਚਨਾ ਅਧਿਕਾਰ ਐਕਟ ਤਹਿਤ ਮਾਲ ਮਹਿਕਮੇ ਕੋਲੋਂ ਪ੍ਰਾਪਤ ਹੋਈ ਜਾਣਕਾਰੀ ਵਿੱਚ ਖੁਲਾਸਾ ਹੋਇਆ ਹੈ ਕਿ ਸਾਲ 1962-63 ਵਿੱਚ ਬੀਬੀਐੱਮਬੀ ਨੇ ਪੌਂਗ ਡੈਮ ਦੀ ਉਸਾਰੀ ਦੌਰਾਨ ਰਸਤੇ ਅਤੇ ਪੁਲ ਆਦਿ ਦੇ ਨਿਰਮਾਣ ਲਈ ਹੱਦਬਸਤ ਨੰਬਰ 604, ਖਸਰਾ ਨੰਬਰ 1631/1 ਕੁੱਲ ਰਕਬਾ ਇੱਕ ਕਨਾਲ 19 ਮਰਲੇ ਜ਼ਮੀਨ ਗ੍ਰਹਿਣ ਕੀਤੀ ਸੀ। ਉਸ ਸਮੇਂ ਇਹ ਜ਼ਮੀਨ ਸੂਬਾ ਸਰਕਾਰ ਦੇ ਨਾਮ ’ਤੇ ਇੰਤਕਾਲ ਨੰਬਰ 1818 ਅਤੇ 1821 ਤਹਿਤ ਤਬਦੀਲ ਹੋਈ ਸੀ। ਜਮ੍ਹਾਂਬੰਦੀ ਸਾਲ 1967-68 ਵਿੱਚ ਮਹਿਕਮਾ ਮਾਲ ਨੇ ਗਲਤ ਇੰਦਰਾਜ ਕਰ ਕੇ ਇਸ ਦੀ ਮਾਲਕੀ ਵਾਲੇ ਖਾਨੇ ’ਚ ਬ੍ਰਹਮੀ ਦੇਵੀ ਪਤਨੀ ਗੋਪਾਲ ਦਾਸ ਵਗੈਰਾ ਦੇ ਨਾਮ ਦਰਜ ਕਰ ਦਿੱਤੇ ਸਨ ਅਤੇ ਕਾਸ਼ਤਕਾਰ ਵਾਲੇ ਖਾਨੇ ਵਿੱਚ ਗਿਆਨ ਚੰਦ ਤੇ ਚਰਨ ਸਿੰਘ ਪੁੱਤਰਾਨ ਰਘਾ ਰਾਮ ਵਗੈਰਾ ਦੇ ਨਾਮ ਦਰਜ ਕੀਤੇ।
ਇੰਦਰਾਜ ਜਮ੍ਹਾਂਬੰਦੀ ਸਾਲ 1972-73 ਵਿੱਚ ਇਹ ਜ਼ਮੀਨ ਤਕਸੀਮ ਕਰਵਾ ਕੇ ਕਾਸ਼ਤਕਾਰ ਵਾਲੇ ਖਾਨੇ ਵਿੱਚ ਦਰਜ ਗਿਆਨ ਚੰਦ, ਚਰਨ ਸਿੰਘ ਪੁੱਤਰਾਨ ਰਘਾ ਰਾਮ ਵਗੈਰਾ ਨੂੰ ਮਾਲਕੀ ਵਾਲੇ ਖਾਨੇ ਵਿੱਚ ਦਰਜ ਕਰ ਦਿੱਤਾ ਗਿਆ। 8 ਜੁਲਾਈ 2020 ਨੂੰ ਰਿਪੋਰਟ ਨੰਬਰ 421 ਤਹਿਤ ਇਹ ਜ਼ਮੀਨ ਸ਼ਹਿਰ ਦੇ ਇਕ ਰਸੂਖਦਾਰ ਵਿਅਕਤੀ ਨੇ ਖਰੀਦ ਲਈ। ਸ਼ਹਿਰ ਵਿੱਚ ਪੈਂਦੀ ਬੀਬੀਐੱਮਬੀ ਦੀ ਕਰੋੜਾਂ ਰੁਪਏ ਦੀ ਇਸ ਜ਼ਮੀਨ ’ਤੇ ਰਸੂਖਦਾਰ ਵਿਅਕਤੀ ਨੇ ਕੰਡਿਆਲੀ ਤਾਰ ਲਗਾ ਕੇ ਆਰਜ਼ੀ ਤੌਰ ’ਤੇ ਕਬਜ਼ਾ ਕਰ ਲਿਆ। ਆਰਟੀਆਈ ਕਾਰਕੁਨ ਬੀਰਬਲ ਸਿੰਘ ਨੇ ਦੱਸਿਆ ਕਿ ਮਹਿਕਮਾ ਮਾਲ ਅਤੇ ਬੀਬੀਐੱਮਬੀ ਨਾਲ ਹੋਏ ਪੱਤਰ ਵਿਹਾਰ ਦੌਰਾਨ ਨਾਇਬ ਤਹਿਸੀਲਦਾਰ ਤਲਵਾੜਾ ਨੇ ਮੰਨਿਆ ਹੈ ਕਿ ਸਾਲ 1967-68 ਵਿੱਚ ਇਸ ਜ਼ਮੀਨ ਦਾ ਗਲਤ ਇੰਦਰਾਜ ਹੋਇਆ ਹੈ। ਉਨ੍ਹਾਂ ਇਸੇ ਮਹੀਨੇ ਦੀ 18 ਤਰੀਕ ਨੂੰ ਇੱਕ ਪੱਤਰ ਐੱਸਡੀਐੱਮ ਮੁਕੇਰੀਆਂ ਨੂੰ ਸੂਬਾ ਸਰਕਾਰ ਦੇ ਨਾਮ ਦਰਜ ਕਰ ਕੇ ਮਾਲ ਰਿਕਾਰਡ ਵਿੱਚ ਦਰੁਸਤੀ ਕਰਨ ਅਤੇ ਸਾਲ 2020 ਵਿੱਚ ਅਮਲ ਦਰਾਮਦ ਇੰਤਕਾਲ ਦਰਜ ਕਰਨ ’ਤੇ ਰੋਕ ਲਗਾਉਣ ਨੂੰ ਵਾਜਿਬ ਕਰਾਰ ਦਿੰਦਿਆਂ ਅਗਲੇਰੀ ਯੋਗ ਕਾਰਵਾਈ ਲਈ ਭੇਜਿਆ ਹੈ। ਦੂਜੇ ਪਾਸੇ ਬੀਬੀਐੱਮਬੀ ਨੇ ਇਸ ਮਾਮਲੇ ’ਤੇ ਚੁੱਪ ਵੱਟੀ ਹੋਈ ਹੈ।
ਉਧਰ, ਕਬਜ਼ੇ ਵਾਲੀ ਸਬੰਧਤ ਧਿਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਬੀਬੀਐੱਮਬੀ ਦੀ ਜ਼ਮੀਨ ’ਤੇ ਕੋਈ ਕਬਜ਼ਾ ਨਹੀਂ ਕੀਤਾ ਹੈ ਬਲਕਿ ਇਹ ਜ਼ਮੀਨ ਉਨ੍ਹਾਂ ਦੀ ਆਪਣੀ ਮਾਲਕੀ ਵਾਲੀ ਹੈ।
ਕੀ ਕਹਿੰਦੇ ਨੇ ਅਧਿਕਾਰੀ
ਬੀਬੀਐੱਮਬੀ ਦੇ ਐਕਸੀਅਨ ਹਰਪ੍ਰੀਤ ਸਿੰਘ ਨੇ ਇਹ ਮਾਮਲਾ ਪ੍ਰਸ਼ਾਸਨ ਦੇੇ ਧਿਆਨ ਵਿੱਚ ਹੋਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਾਇਬ ਤਹਿਸੀਲਦਾਰ ਤਲਵਾੜਾ, ਐੱਸਡੀਐੱਮ ਮੁਕੇਰੀਆਂ ਅਤੇ ਥਾਣਾ ਤਲਵਾੜਾ ਨੂੰ ਵੀ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸਬੰਧਤ ਵਿਅਕਤੀ ਵੱਲੋਂ ਕੰਡਿਆਲੀ ਤਾਰ ਲਗਾ ਕੇ ਜ਼ਮੀਨ ਵਿੱਚ ਭਰਤ ਪੁਆਏ ਜਾਣ ਬਾਰੇ ਜਾਣਕਾਰੀ ਮਿਲੀ ਸੀ, ਜਿਸ ਨੂੰ ਤੁਰੰਤ ਮੁਲਾਜ਼ਮ ਭੇਜ ਕੇ ਬੰਦ ਕਰਵਾਇਆ ਗਿਆ ਸੀ। ਉੱਧਰ, ਤਹਿਸੀਲਦਾਰ ਮੁਕੇਰੀਆਂ ਅਮ੍ਰਿੰਤਬੀਰ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਲ ਰਿਕਾਰਡ ਵਿੱਚ ਦਰੁਸਤੀ ਕਰਨ ਦਾ ਅਧਿਕਾਰ ਨਾਇਬ ਤਹਿਸੀਲਦਾਰ ਤਲਵਾੜਾ ਕੋਲ ਹੈ।