ਖੇਤਰੀ ਪ੍ਰਤੀਨਿਧ
ਐਸਏਐਸ ਨਗਰ (ਮੁਹਾਲੀ), 2 ਜੁਲਾਈ
ਪੰਚਾਇਤ ਵਿਭਾਗ ਦੇ ਮੁੱਖ ਦਫ਼ਤਰ ਦੇ ਸ਼ਾਮਲਾਤ ਸੈੱਲ ’ਚ ਤਾਇਨਾਤ ਬੀਡੀਪੀਓ ਮਲਵਿੰਦਰ ਸਿੰਘ ਨੂੰ ਆਪਣੇ ਵਿਭਾਗ ਕੋਲੋਂ ਹੀ ਸੂਚਨਾ ਅਧਿਕਾਰ ਤਹਿਤ ਮੰਗੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਾ ਰਹੀ। ਬੀਡੀਪੀਓ ਨੇ 5 ਮਈ ਨੂੰ ਵਿਭਾਗ ਦੇ ਇੱਕ ਬੀਡੀਪੀਓ ਤੇ ਪੰਚਾਇਤ ਸਕੱਤਰ ਖ਼ਿਲਾਫ਼ ਦਾਇਰ ਹੋਈ ਚਾਰਜਸ਼ੀਟ ਤੇ ਇਸ ਸਬੰਧੀ ਪੜਤਾਲੀਆ ਅਫ਼ਸਰ ਵੱਲੋਂ ਕੀਤੀ ਗਈ ਪੜਤਾਲ ਦੀਆਂ ਕਾਪੀਆਂ ਤੇ ਆਪਣੀ ਮੈਡੀਕਲ ਛੁੱਟੀ ਬਾਰੇ ਜਾਣਕਾਰੀ ਮੰਗੀ ਹੈ। ਮਲਵਿੰਦਰ ਨੇ ਦੱਸਿਆ ਕਿ ਜਾਣਕਾਰੀ ਨਾ ਮਿਲਣ ’ਤੇ ਉਨ੍ਹਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਕੋਲ ਅਪੀਲ ਦਾਇਰ ਕੀਤੀ ਹੈ। ਇਸ ਮੌਕੇ ਮਲਵਿੰਦਰ ਸਿੰਘ ਤੇ ਸ਼ਾਖਾ ਵੱਲੋਂ ਸੀਨੀਅਰ ਸਹਾਇਕ ਸਾਗਰ ਮਿੱਤਲ ਪੇਸ਼ ਹੋਏ। ਵਿਭਾਗ ਦੇ ਸਹਾਇਕ ਡਾਇਰੈਕਟਰ ਨੇ ਸਾਗਰ ਮਿੱਤਲ ਨੂੰ ਕੇਸ ਦੀ ਅਗਲੀ ਤਰੀਕ 7 ਜੁਲਾਈ ਤੋਂ ਪਹਿਲਾਂ ਉਕਤ ਜਾਣਕਾਰੀ ਦੇਣ ਦੀ ਹਦਾਇਤ ਕੀਤੀ ਹੈ।