ਅਜੇ ਮਲਹੋਤਰਾ
ਫ਼ਤਹਿਗੜ੍ਹ ਸਾਹਿਬ, 22 ਮਈ
ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਠੀਕਰੇ ਪਹਿਰੇ ਲਗਾ ਕੇ ਪਿੰਡ ‘ਚ ਆਉਣ ਜਾਣ ਵਾਲੇ ਵਿਅਕਤੀਆਂ ਦੀ ਨਿਗਰਾਨੀ ਕਰਨ ਲਈ ਹੁਕਮ ਦਿੱਤੇ ਜਾ ਰਹੇ ਹਨ, ਉੱਥੇ ਹੀ ਪੰਚਾਇਤ ਵੱਲੋਂ ਲਗਾਈ ਡਿਊਟੀ ਨਿਭਾਅ ਰਹੇ ਵਿਅਕਤੀਆਂ ਦੀ ਪਿੰਡ ਵਾਸੀਆਂ ਵੱਲੋਂ ਹੀ ਕੁੱਟਮਾਰ ਕੀਤੀ ਜਾ ਰਹੀ ਹੈ। ਮਿਹਨਤ ਮਜ਼ਦੂਰੀ ਕਰਨ ਵਾਲੇ ਪਿੰਡ ਕੁੰਭੜਾ ਦੇ 55 ਸਾਲਾ ਤਾਰਾ ਰਾਮ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਪਿੰਡ ਕੁੰਭੜਾ ਦੇ ਸਰਪੰਚ ਵੱਲੋਂ ਉਸ ਦੇ ਲੜਕੇ ਮਾਣਕ ਰਾਮ ਤੇ ਪੋਤੇ ਸੇਵਾ ਰਾਮ ਦੀ ਪਿੰਡ ’ਚ ਆਉਣ ਜਾਣ ਵਾਲਿਆਂ ਦੀ ਪੜਤਾਲ ਕਰਨ ਦੀ ਡਿਊਟੀ ਲਗਾਈ ਗਈ ਸੀ। ਇਸ ਦੌਰਾਨ ਉਨ੍ਹਾਂ ਜਦੋਂ ਪਿੰਡ ਕੁੰਭੜਾ ਦੇ ਵਾਰ-ਵਾਰ ਆ ਜਾ ਰਹੇ ਬੰਦਿਆਂ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਹ ਭੜਕ ਪਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਸ਼ਾਮ ਨੂੰ 6 ਵਜੇ ਦੇ ਕਰੀਬ ਡਿਊਟੀ ਖ਼ਤਮ ਕਰ ਕੇ ਮਾਣਕ ਰਾਮ ਅਤੇ ਸੇਵਾ ਰਾਮ ਘਰ ਨੂੰ ਜਾ ਰਹੇ ਸਨ ਤਾਂ ਲਖਵੀਰ ਰਾਮ, ਜੋਗਿੰਦਰ ਰਾਮ, ਰਾਣੀ ਅਤੇ ਸੋਨੂੰ ਨੇ ਉਨ੍ਹਾਂ ਨੂੰ ਘੇਰ ਕੇ ਗਾਲੀ ਗਲੋਚ ਕਰਦਿਆਂ ਦੋਵਾਂ ਦੀ ਲੋਹੇ ਦੀ ਰਾਡ ਨਾਲ ਕੁੱਟਮਾਰ ਕੀਤੀ। ਰੌਲਾ ਸੁਣ ਕੇ ਜਦੋਂ ਸ਼ਿਕਾਇਤਕਰਤਾ ਤਾਰਾ ਰਾਮ ਤੇ ਉਸ ਦੀ ਪਤਨੀ ਬਾਲੂ ਕੌਰ ਉਨ੍ਹਾਂ ਨੂੰ ਛੁਡਾਉਣ ਲਈ ਗਏ ਤਾਂ ਮੁਲਜ਼ਮਾਂ ਨੇ ਉਨ੍ਹਾਂ ਦੇ ਵੀ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਕਾਰਨ ਤਾਰਾ ਰਾਮ, ਬਾਲੂ ਕੌਰ, ਮਾਣਕ ਰਾਮ ਅਤੇ ਸੇਵਾ ਰਾਮ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਪਿੰਡ ਵਾਸੀਆਂ ਤੇ ਪੰਚ ਵੱਲੋਂ ਛੁਡਾ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲੀਸ ਵੱਲੋਂ ਮੁਲਜ਼ਮ ਲਖਵੀਰ ਰਾਮ, ਜੋਗਿੰਦਰ ਰਾਮ, ਰਾਣੀ ਅਤੇ ਸੋਨੂੰ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।