ਚੰਡੀਗੜ੍ਹ, 24 ਅਗਸਤ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੰਨੇ ਦੀਆਂ ਕੀਮਤਾਂ ਬਾਰੇ ਅੱਜ ਕਿਸਾਨਾਂ ਦੀ ਮੀਟਿੰਗ ਤੋਂ ਪਹਿਲਾਂ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਗੰਨਾ ਕਿਸਾਨਾਂ ਦੀਆਂ ਮੰਗਾਂ ਅਨੁਸਾਰ ਗੰਨੇ ਦੀਆਂ ਕੀਮਤਾਂ ਤੁਰੰਤ ਵਧਾਈਆਂ ਜਾਣ। ਸਿੱਧੂ ਨੇ ਇਹ ਵੀ ਕਿਹਾ ਕਿ ਗੰਨੇ ਦੇ ਰਾਜ ਸਮਰਥਨ ਮੁੱਲ (ਐੱਸਏਪੀ) ਨੂੰ ਸਾਲ 2018 ਤੋਂ ਨਹੀਂ ਵਧਾਇਆ ਗਿਆ ਹੈ, ਜਦੋਂ ਕਿ ਇਸ ਦੀ ਲਾਗਤ ਵਿੱਚ 30 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਸਿੱਧੂ ਨੇ ਟਵੀਟ ਕੀਤਾ, ‘ਗੰਨਾ ਕਿਸਾਨਾਂ ਲਈ ਐੱਸਏਪੀ 2018 ਤੋਂ ਨਹੀਂ ਵਧੀ ਹੈ, ਜਦੋਂ ਕਿ ਲਾਗਤ 30 ਫੀਸਦ ਤੋਂ ਵੱਧ ਵਧੀ ਹੈ। ਪੰਜਾਬ ਮਾਡਲ ਦਾ ਅਰਥ ਹੈ ਕਿਸਾਨਾਂ ਅਤੇ ਖੰਡ ਮਿੱਲਾਂ ਦੋਵਾਂ ਨੂੰ ਢੁਕਵਾਂ ਭਾਅ, ਮੁਨਾਫੇ ਵਿੱਚ ਬਰਾਬਰ ਹਿੱਸਾ, ਉਤਪਾਦਨ ਅਤੇ ਪ੍ਰੋਸੈਸਿੰਗ ਵਿੱਚ ਵਿਭਿੰਨਤਾ ਮੁਹੱਈਆ ਕਰਵਾਉਣ ਲਈ ਨੀਤੀਗਤ ਦਖਲਅੰਦਾਜ਼ੀ ਹੋਵੇ।’