ਸ਼ਗਨ ਕਟਾਰੀਆ
ਜੈਤੋ, 14 ਅਕਤੂਬਰ
ਚਰਚਿਤ ‘ਬਹਬਿਲ ਕਲਾਂ ਗੋਲ਼ੀ ਕਾਂਡ’ ਦੇ ਸੱਤ ਸਾਲ ਪੂਰੇ ਹੋਣ ’ਤੇ ਅੱਜ ਬਹਬਿਲ ਕਲਾਂ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਪੰਥਕ ਧਿਰਾਂ ਨੇ ਮੰਚ ਤੋਂ ਨਿਆਂ ਦੀ ਮੰਗ ਕੀਤੀ ਤਾਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਡੇਢ ਮਹੀਨੇ ਦਾ ਹੋਰ ਸਮਾਂ ਮੰਗਣ ’ਤੇ ਸਿੱਖ ਆਗੂਆਂ ਵੱਲੋਂ ਇਸ ਨੂੰ ਸਹਿਮਤੀ ਦੇ ਦਿੱਤੀ ਗਈ। ਇਥੇ ਪੁੱਜੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਪ੍ਰਤੀ ਸੰਜੀਦਾ ਹੋ ਕੇ ਜਾਂਚ ਏਜੰਸੀਆਂ ਨੂੰ ਸਹਿਯੋਗ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਸਿਆਸਤ ਹੋਣ ਕਾਰਨ ਨਿਆਂ ਵਿੱਚ ਦੇਰੀ ਹੋਈ ਹੈ, ਹੁਣ ਵੱਧ ਤੋਂ ਵੱਧ ਡੇਢ ਮਹੀਨੇ ਦੇ ਅੰਦਰ ਇਨਸਾਫ਼ ਦਿੱਤਾ ਜਾਵੇਗਾ। ਉਨ੍ਹਾਂ ਇਥੋਂ ਤੱਕ ਆਖਿਆ ਕਿ ਜੇ ਨਿਆਂ ਨਹੀਂ ਹੁੰਦਾ ਤਾਂ ਫਿਰ ਸਰਕਾਰਾਂ ਤੋਂ ਕਰਾਉਣਾ ਕੀ ਹੈ? ਸਮਾਗਮ ’ਚ ਪੰਜਾਬ ਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਵੀ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਵੀ ਨਿਆਂ ਦੇਣ ਲਈ ਸਮਾਂ ਦੇਣ ਲਈ ਕਿਹਾ।
ਘਟਨਾ ਸਬੰਧੀ ਬਹਬਿਲ ਕਲਾਂ ਦੇ ਗੁਰਦੁਆਰਾ ਟਿੱਬੀ ਸਾਹਿਬ ਵਿੱਚ ‘ਇਨਸਾਫ਼’ ਲਈ ਹੋਈ ਅਰਦਾਸ ’ਚ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ, ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਸਿੱਖ ਆਗੂ ਅਮਰੀਕ ਸਿੰਘ ਅਜਨਾਲਾ ਸ਼ਾਮਲ ਹੋਏ ਅਤੇ ਲੋਕਾਂ ਨੂੰ ਸੰਬੋਧਨ ਕੀਤਾ।
ਗੌਰਤਲਬ ਹੈ ਕਿ 14 ਅਕਤੂਬਰ 2015 ਨੂੰ ਬਹਬਿਲ ਕਲਾਂ ਵਿੱਚ ਹੋਈ ਕਥਿਤ ਪੁਲੀਸ ਫਾਇਰਿੰਗ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ। ਇਸ ਮੌਕੇ ਗਿਆਨੀ ਕੇਵਲ ਸਿੰਘ, ਸੁਖਰਾਜ ਸਿੰਘ ਨਿਆਮੀਵਾਲਾ, ਬਲਦੇਵ ਸਿੰਘ ਸਿਰਸਾ, ਸੁਖਜੀਤ ਸਿੰਘ ਖੋਸਾ, ਐਡਵੋਕੇਟ ਹਰਪਾਲ ਸਿੰਘ ਖਾਰਾ, ਨਰਾਇਣ ਸਿੰਘ ਚੌਰਾ, ਸਤਨਾਮ ਸਿੰਘ ਖੰਡਾ, ਲੱਖਾ ਸਿਧਾਣਾ, ਡਾ. ਕੁਲਵੰਤ ਕੌਰ, ਸਤਨਾਮ ਸਿੰਘ ਚੰਦੜ, ਪ੍ਰਗਟ ਸਿੰਘ ਭੋਡੀਪੁਰਾ, ਜਸਵਿੰਦਰ ਸਿੰਘ, ਹਰਜੋਤ ਸਿੰਘ, ਬਖਸ਼ੀਸ਼ ਸਿੰਘ, ਚਮਕੌਰ ਸਿੰਘ, ਹਰਪਿੰਦਰ ਸਿੰਘ ਆਦਿ ਸਿੱਖ ਆਗੂ ਹਾਜ਼ਰ ਹੋਏ ਅਤੇ ਉਨ੍ਹਾਂ ਇਸ ਮਾਮਲੇ ਵਿੱਚ ਫੌਰੀ ਇਨਸਾਫ਼ ਦੇਣ ਦੀ ਮੰਗ ਕੀਤੀ।
ਕੈਪਟਨ ਨੇ ਰਿਪੋਰਟ ’ਤੇ ਕਾਰਵਾਈ ਨਹੀਂ ਕੀਤੀ: ਕੁੰਵਰ ਵਿਜੈ ਪ੍ਰਤਾਪ
ਫਰੀਦਕੋਟ (ਜਸਵੰਤ ਜੱਸ): ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪੜਤਾਲੀਆ ਰਿਪੋਰਟ ’ਚ ਜੇਕਰ ਇੱਕ ਵੀ ਗੱਲ ਗ਼ਲਤ ਨਿਕਲੀ ਤਾਂ ਉਹ ਵਿਧਾਇਕੀ ਤੋਂ ਅਸਤੀਫ਼ਾ ਦੇ ਦੇਣਗੇ। ਉਨ੍ਹਾਂ ਬੇਅਦਬੀ ਮੁੱਦੇ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਬਾਦਲ ਪਰਿਵਾਰ ’ਤੇ ਵੀ ਸਵਾਲ ਉਠਾਏ। ਉਨ੍ਹਾਂ ਆਖਿਆ ਕਿ ਉਸ ਨੇ ਆਪਣੀ ਪੜਤਾਲੀਆ ਰਿਪੋਰਟ ਵਿੱਚ ਬੇਅਦਬੀ ਕਾਂਡ, ਕੋਟਕਪੂਰਾ ਤੇ ਬਹਬਿਲ ਗੋਲੀ ਕਾਂਡ ਦੀ ਸੱਚਾਈ ਸਾਹਮਣੇ ਲਿਆਂਦੀ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਕਥਿਤ ਅਕਾਲੀਆਂ ਦੇ ਦਬਾਅ ਹੇਠ ਰਿਪੋਰਟ ’ਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਆਖਿਆ ਕਿ ਪੜਤਾਲੀਆ ਰਿਪੋਰਟ ’ਚ ਸਾਬਤ ਹੋ ਗਿਆ ਸੀ ਕਿ ਬਹਬਿਲ ਤੇ ਕੋਟਕਪੂਰਾ ਗੋਲੀ ਕਾਂਡ ਪਿੱਛੇ ਕਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਹਨ। ਉਨ੍ਹਾਂ ਆਖਿਆ ਕਿ ਤਤਕਾਲੀ ਸਰਕਾਰ ਨੇ ਸਚਾਈ ਸਾਹਮਣੇ ਲਿਆਉਣ ਲਈ ਗੰਭੀਰਤਾ ਨਹੀਂ ਦਿਖਾਈ, ਜਿਸ ਕਾਰਨ ਪੀੜਤਾਂ ਨੂੰ ਇਨਸਾਫ ਲੈਣ ਲਈ ਧਰਨੇ ਦੇਣੇ ਪੈ ਰਹੇ ਹਨ।