ਜਸਵੰਤ ਜੱਸ
ਫ਼ਰੀਦਕੋਟ, 10 ਸਤੰਬਰ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਬਿਲ ਗੋਲੀ ਕਾਂਡ ਵਿੱਚ ਅੱਜ ਵੱਡਾ ਤੱਥ ਸਾਹਮਣੇ ਆਇਆ ਹੈ। ਅਦਾਲਤ ਵਿੱਚ ਸੁਣਵਾਈ ਦੌਰਾਨ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਬਹਬਿਲ ਗੋਲੀ ਕਾਂਡ ਦੀ ਸਾਜਿਸ਼ ਉਸ ਵੇਲੇ ਦੇ ਡੀਜੀਪੀ ਸੁਮੇਧ ਸੈਣੀ ਅਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਰਚੀ ਸੀ ਅਤੇ ਇਨ੍ਹਾਂ ਅਧਿਕਾਰੀਆਂ ਨੇ ਸਾਜ਼ਿਸ਼ ਤਹਿਤ ਸ਼ਾਂਤਮਈ ਧਰਨਾ ਦੇ ਰਹੀ ਸੰਗਤ ਉੱਪਰ ਗੋਲੀਆਂ ਚਲਾਈਆਂ ਸਨ, ਜਿਸ ਕਾਰਨ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਬਹਿਸ ਦੌਰਾਨ ਰੇਸ਼ਮ ਸਿੰਘ ਦੇ ਵਕੀਲ ਨੇ ਦਾਅਵਾ ਕੀਤਾ ਕਿ ਪ੍ਰਦੀਪ ਸਿੰਘ ਬਹਬਿਲ ਗੋਲੀ ਕਾਂਡ ਦਾ ਮੁੱਖ ਮੁਲਜ਼ਮ ਅਤੇ ਸਾਜਿਸ਼ਕਾਰ ਹੈ ਜਿਸ ਦੇ ਜਵਾਬ ਵਿੱਚ ਜਾਂਚ ਟੀਮ ਦੇ ਆਈਜੀ ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਪ੍ਰਦੀਪ ਸਿੰਘ ਮੁੱਖ ਸਾਜਿਸ਼ਕਾਰ ਨਹੀਂ ਬਲਕਿ ਇਹ ਸਾਜਿਸ਼ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਰਚੀ ਗਈ ਸੀ।
ਮੁੱਖ ਮੁਲਜ਼ਮ ਤੋਂ ਬਾਅਦ ਵਾਅਦਾ ਮੁਆਫ਼ ਗਵਾਹ ਬਣਨ ਲਈ ਅਦਾਲਤ ਵਿੱਚ ਅਰਜ਼ੀ ਦੇਣ ਵਾਲੇ ਇੰਸਪੈਕਟਰ ਪ੍ਰਦੀਪ ਸਿੰਘ ਨੇ ਵੀ ਆਪਣੇ ਬਿਆਨ ਵਿੱਚ ਦਾਅਵਾ ਕੀਤਾ ਹੈ ਕਿ ਬਹਬਿਲ ਗੋਲੀ ਕਾਂਡ ਦੀ ਸਾਜਿਸ਼ ਸੁਮੇਧ ਸੈਣੀ ਅਤੇ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਰਚੀ ਗਈ ਸੀ। ਅੱਜ ਪਹਿਲੀ ਵਾਰੀ ਇੰਸਪੈਕਟਰ ਪ੍ਰਦੀਪ ਸਿੰਘ ਦਾ 18 ਪੰਨਿਆਂ ਦਾ ਬਿਆਨ ਅਦਾਲਤ ਵਿੱਚ ਸੀਲ ਬੰਦ ਲਿਫ਼ਾਫ਼ੇ ’ਚੋਂ ਕੱਢਿਆ ਗਿਆ। ਸੈਸ਼ਨ ਜੱਜ ਸੁਮੀਤ ਮਲਹੋਤਰਾ ਨੇ ਇਸ ਬਿਆਨ ਦੀ ਇੱਕ ਕਾਪੀ ਜਾਂਚ ਟੀਮ ਦੇ ਆਈਜੀ ਕੁੰਵਰ ਵਿਜੈ ਪ੍ਰਤਾਪ ਨੂੰ ਸੌਂਪਣ ਤੋਂ ਬਾਅਦ ਪ੍ਰਦੀਪ ਸਿੰਘ ਦੇ ਮੁੱਖ ਗਵਾਹ ਬਣਨ ਦੇ ਮੁੱਦੇ ‘ਤੇ ਬਹਿਸ ਸੁਣਨ ਉਪਰੰਤ ਇਸ ਮਾਮਲੇ ਦੀ ਸੁਣਵਾਈ 15 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ।