ਪੱਤਰ ਪ੍ਰੇਰਕ
ਭੁੱਚੋ ਮੰਡੀ, 7 ਸਤੰਬਰ
ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਵਿਚੋਂ ਕਥਿਤ ਤੌਰ ’ਤੇ ਨੌਕਰੀ ਤੋਂ ਫਾਰਗ ਕੀਤੇ ਗਏ ਮੁਲਾਜ਼ਮ ਅੱਜ ਨੌਵੇਂ ਦਿਨ ਵੀ ਮੋਰਚੇ ਵਿੱਚ ਡਟੇ ਰਹੇ। ਇਸ ਵਿੱਚ ਭਾਕਿਯੂ ਉਗਰਾਹਾਂ ਦੇ ਕਿਸਾਨ ਅਤੇ ਬੀਬੀਆਂ ਸ਼ਾਮਲ ਹੋਈਆਂ ਸਨ। ਉਨ੍ਹਾਂ ਵਾਲਮਾਰਟ ਕੰਪਨੀ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਨੌਕਰੀਆਂ ਬਹਾਲ ਕਰਨ ਦੀ ਮੰਗ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਜਸਪ੍ਰੀਤ ਸਿੰਘ, ਹਰਜੀਤ ਸਿੰਘ, ਨਿਰਮਲ ਸ਼ਰਮਾ, ਹਰਮਨ ਸਿੰਘ ਅਤੇ ਰਾਜਵਿੰਦਰ ਸਿੰਘ ਨੇ ਕਿਹਾ ਕਿ ਉਹ ਨੌਕਰੀਆਂ ਬਹਾਲ ਹੋਣ ਤੱਕ ਸੰਘਰਸ਼ ਜਾਰੀ ਰੱਖਣਗੇ। ਕੰਪਨੀ ਨੂੰ ਨੌਕਰੀ ਬਹਾਲੀ ਲਈ ਅੱਠ ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੋਇਆ ਹੈ। ਜੇ ਕੰਪਨੀ ਨੇ ਕੋਈ ਸੁਣਵਾਈ ਨਾ ਕੀਤੀ ਤਾਂ ਉਹ ਭਾਕਿਯੂ ਉਗਰਾਹਾਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਸਹਿਯੋਗ ਨਾਲ ਸੰਘਰਸ਼ ਤਿੱਖਾ ਕਰਨਗੇ।