ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਅੰਮ੍ਰਿਤਸਰ/ਤਰਨਤਾਰਨ, 28 ਸਤੰਬਰ
ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅੰਮ੍ਰਿਤਸਰ ਪੁਲੀਸ ਨੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਅਤੇ ਇਕ ਡਾਕਟਰ ਕੋਲੋਂ ਫ਼ਿਰੌਤੀ ਮੰਗਣ ਦੇ ਮਾਮਲੇ ਵਿੱਚ ਪੁੱਛ ਪੜਤਾਲ ਲਈ ਹੋਰ ਰਿਮਾਂਡ ਮੰਗਿਆ ਗਿਆ ਪਰ ਅਦਾਲਤ ਨੇ ਗੈਂਗਸਟਰ ਨੂੰ ਨਿਆਂਇਕ ਹਿਰਾਸਤ ਦੌਰਾਨ ਜੇਲ੍ਹ ਭੇਜ ਦਿੱਤਾ ਹੈ। ਇਸ ਮਗਰੋਂ ਤਰਨਤਾਰਨ ਦੀ ਜ਼ਿਲ੍ਹਾ ਪੁਲੀਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਤਿੰਨ ਸਾਲ ਪੁਰਾਣੇ ਇੱਕ ਕੇਸ ਸਬੰਧੀ ਪੁੱਛ ਪੜਤਾਲ ਲਈ ਅੱਜ ਪੰਜ ਦਿਨ ਦੇ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ। ਤਰਨਤਾਰਨ ਦੇ ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਜੱਗੂ ਭਗਵਾਨਪੁਰੀਆ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ ਇੱਥੋਂ ਦੇ ਸੀਆਈਏ ਸਟਾਫ਼ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਜੱਗੂ ਭਗਵਾਨਪੁਰੀਆ ਨੂੰ ਨਾਜਾਇਜ਼ ਹਥਿਆਰ ਸਬੰਧੀ ਦਰਜ ਇੱਕ ਕੇਸ ਬਾਰੇ ਪੁੱਛ ਪੜਤਾਲ ਲਈ ਲਿਆਂਦਾ ਗਿਆ ਹੈ।