ਪੱਤਰ ਪ੍ਰੇਰਕ
ਪਟਿਆਲਾ, 2 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਪੰਜਾਬ ਦੇ ਜੰਮਪਲ ਹਨ, ਉਨ੍ਹਾਂ ਨੂੰ ਪੰਜਾਬ ਤੇ ਪੰਜਾਬੀਅਤ ਦੀ ਸਮਝ ਹੈ, ਇਸ ਕਰਕੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਦਿੱਲੀ ਵਾਲਿਆਂ ਦੀ ਸਲਾਹ ਨਾਲ ਪੰਜਾਬ ਨੂੰ ਨਾ ਚਲਾਉਣ ਸਗੋਂ ਉਹ ਪੰਜਾਬ ਦੀ ਰੂਹ ਨੂੰ ਸਮਝਦੇ ਹੋਏ ਸਰਕਾਰ ਚਲਾਉਣ। ਸ੍ਰੀ ਬਾਦਲ ਇੱਥੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਘਰ ਲੰਬੀ ਤੋਂ ਚੰਡੀਗੜ੍ਹ ਜਾਣ ਵੇਲੇ ਰੁਕੇ ਪਰ ਉਨ੍ਹਾਂ ਦੀ ਤਬੀਅਤ ਖ਼ਰਾਬ ਹੋਣ ਕਰਕੇ ਉਹ ਰੱਖੜਾ ਦੇ ਘਰ ਦੇਰ ਰਾਤ ਤਕ ਰਹੇ। ਉਨ੍ਹਾਂ ਪਟਿਆਲਾ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਵੀ ਕੀਤੀ। ਸ੍ਰੀ ਬਾਦਲ ਨੇ ਕਿਹਾ ਹੈ ਪੰਜਾਬ ਨੂੰ ਅਰਵਿੰਦ ਕੇਜਰੀਵਾਲ ਚਲਾ ਰਿਹਾ ਹੈ ਜਿਸ ਕਰ ਕੇ ਵੱਡੀ ਗਿਣਤੀ ਫ਼ੈਸਲੇ ਪੰਜਾਬ ਸਰਕਾਰ ਨੂੰ ਰੱਦ ਕਰਨੇ ਪੈਂਦੇ ਹਨ, ਕਿਉਂਕਿ ਸ੍ਰੀ ਕੇਜਰੀਵਾਲ ਨੂੰ ਪੰਜਾਬ ਦੀ ਸਮਝ ਨਹੀਂ ਹੈ, ਜਦ ਕਿ ਭਗਵੰਤ ਮਾਨ ਪੰਜਾਬੀਅਤ ਦੀ ਨਬਜ਼ ਪਛਾਣਦਾ ਹੈ, ਇਸ ਕਰਕੇ ਦਿੱਲੀ ਤੋਂ ਲਏ ਜਾਂਦੇ ਫ਼ੈਸਲੇ ਉਹ ਪੰਜਾਬ ਵਿਚ ਲਾਗੂ ਨਾ ਕਰੇ ਕਿਉਂਕਿ ਇਨ੍ਹਾਂ ਫੈਸਲਿਆਂ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਿੱਤ ਦਿਨ ਧਮਕੀਆਂ, ਕਤਲ ਤੇ ਰੰਗਦਾਰੀਆਂ ਮੰਗੀਆਂ ਜਾ ਰਹੀਆਂ ਹਨ। ਉਨ੍ਹਾਂ ਬੇਅਦਬੀ ਦੇ ਮਾਮਲੇ ਵਿਚ ਕਿਹਾ ਕਿ ਇਹ ਕੋਈ ਮੁੱਦਾ ਹੀ ਨਹੀਂ ਹੈ ਸਗੋਂ ਪੰਜਾਬ ਸਰਕਾਰ ਇਹ ਮੁੱਦਾ ਪੈਦਾ ਕਰਕੇ ਆਪਣਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ ਪਰ ਇਸ ਮੁੱਦੇ ਨਾਲ ਪੰਜਾਬ ਦੀ ‘ਆਪ’ ਸਰਕਾਰ ਸ਼੍ਰੋਮਣੀ ਅਕਾਲੀ ਦਲ ਦਾ ਕੁਝ ਨਹੀਂ ਵਿਗਾੜ ਸਕੇਗੀ।