ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ‘ਛਾਤਰ ਯੁਵਾ ਸੰਘਰਸ਼ ਸਮਿਤੀ’ ਦੀ ਜਿੱਤ ਨੇ ਦੇਸ਼ ਭਰ ਵਿੱਚ ‘ਮੇਕ ਇੰਡੀਆ ਨੰਬਰ 1’ ਮੁਹਿੰਮ ’ਤੇ ਮੋਹਰ ਲਾ ਦਿੱਤੀ ਹੈ। ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਨੇ ਆਪਣੀ ਰਿਹਾਇਸ਼ ’ਤੇ ਅੱਜ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਦੇ ਨਵੇਂ ਪ੍ਰਧਾਨ ਆਯੂਸ਼ ਖਟਕੜ ਤੇ ਹੋਰ ਟੀਮ ਮੈਂਬਰਾਂ ਨੂੰ ਵਧਾਈ ਦਿੱਤੀ। ਸੰਗਰੂਰ ਦੀ ਜ਼ਿਮਨੀ ਚੋਣ ਵਿਚ ਮਿਲੀ ਹਾਰ ਮਗਰੋਂ ਪੰਜਾਬ ਯੂਨੀਵਰਸਿਟੀ ’ਚ ਮਿਲੇ ਹੁੰਗਾਰੇ ਨੂੰ ‘ਆਪ’ ਚੰਗੇ ਸੰਕੇਤ ਵਜੋਂ ਦੇਖ ਰਹੀ ਹੈ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਇਹ ਨਤੀਜਾ ਦੇਸ਼ ਦੀ ਰਾਜਨੀਤੀ ਵਿੱਚ ਲੋੜੀਂਦੀ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ ਅਤੇ ਇਹ ਨਤੀਜਾ ਨਫ਼ਰਤ ਫੈਲਾਉਣ ਵਾਲੀਆਂ ਫੁੱਟ ਪਾਊ ਤਾਕਤਾਂ ਦੇ ਮੂੰਹ ’ਤੇ ਚਪੇੜ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਨਵੀਂ ਚੁਣੀ ਟੀਮ ਯੂਨੀਵਰਸਿਟੀ ਕੈਂਪਸ ਦੇ ਵਿਆਪਕ ਵਿਕਾਸ ਤੇ ਵਿਦਿਆਰਥੀਆਂ ਦੀ ਭਲਾਈ ਯਕੀਨੀ ਬਣਾਉਣ ਲਈ ਦਿਨ-ਰਾਤ ਇੱਕਜੁਟ ਹੋ ਕੇ ਕੰਮ ਕਰੇ। ਉਨ੍ਹਾਂ ਟੀਮ ਨੂੰ ਸੂਬਾ ਸਰਕਾਰ ਵੱਲੋਂ ਪੂਰਨ ਸਹਿਯੋਗ ਤੇ ਤਾਲਮੇਲ ਦਾ ਭਰੋਸਾ ਦਿੱਤਾ ਹੈ।
ਮੀਤ ਹੇਅਰ ਦਾ ਸਿਆਸੀ ਕੱਦ ਵਧਿਆ
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜੋ ਕਿ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਵੀ ਹਨ, ਦੀ ਅਗਵਾਈ ਵਿਚ ਇਹ ਚੋਣ ਲੜੀ ਗਈ ਸੀ। ਮੀਤ ਹੇਅਰ ਨੇ ਦੱਸਿਆ ਕਿ ਉਨ੍ਹਾਂ ਨੇ 9 ਅਕਤੂਬਰ ਤੋਂ ਹੀ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਕਈ ਸੂਬਿਆਂ ਦੇ ਪੜ੍ਹੇ ਲਿਖੇ ਨੌਜਵਾਨਾਂ ਨੇ ‘ਆਪ’ ਦੀ ਵਿਚਾਰਧਾਰਾ ’ਤੇ ਮੋਹਰ ਲਾਈ ਹੈ। ਪਤਾ ਲੱਗਾ ਹੈ ਕਿ ’ਵਰਸਿਟੀ ਚੋਣਾਂ ਵਿਚ ਮਿਲੀ ਜਿੱਤ ਮਗਰੋਂ ‘ਆਪ’ ਆਗੂ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ, ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਸੰਜੇ ਸਿੰਘ ਨੇ ਫ਼ੋਨ ਕਰਕੇ ਕੈਬਨਿਟ ਮੰਤਰੀ ਮੀਤ ਹੇਅਰ ਨੂੰ ਇਸ ਕਾਮਯਾਬੀ ਲਈ ਮੁਬਾਰਕਬਾਦ ਦਿੱਤੀ ਹੈ। ਮੀਤ ਹੇਅਰ ਨੇ ਕਈ ਦਿਨਾਂ ਤੋਂ ਵਰਸਿਟੀ ਵਿਚ ਡੇਰੇ ਲਾਏ ਹੋਏ ਸਨ ਅਤੇ ਇਸ ਜਿੱਤ ਨਾਲ ਮੀਤ ਹੇਅਰ ਦਾ ਪਾਰਟੀ ਅੰਦਰ ਸਿਆਸੀ ਕੱਦ ਉੱਚਾ ਹੋਇਆ ਹੈ।