ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰੀ ਵਜੋਂ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ। ਉਨ੍ਹਾਂ ਭਗਵੰਤ ਮਾਨ ’ਤੇ ਸੂਬੇ ਨੂੰ ਜੰਗਲ ਰਾਜ ਵੱਲ ਧੱਕਣ ਦਾ ਦੋਸ਼ ਲਾਉਂਦਿਆਂ ਮੁੱਖ ਮੰਤਰੀ ਦੀ ਬਰਖਾਸਤਗੀ ਮੰਗੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪੰਜਾਬ ਵਿੱਚ ਜੰਗਲ ਰਾਜ ਆ ਗਿਆ ਹੈ ਅਤੇ ਇਥੇ ਕੋਈ ਵੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਲੈ ਕੇ ਪੰਜਾਬ ਇੰਟੈਲੀਜੈਂਸ ਹੈਡਕੁਆਰਟਰ ’ਤੇ ਹਮਲਾ, ਝੜਪਾਂ, ਪੁਲੀਸ ਅਫ਼ਸਰਾਂ ਦੇ ਕਤਲ ਅਤੇ ਹੁਣ ਦਿਨ-ਦਿਹਾੜੇ ਪੰਜਾਬ ਰੋਡਵੇਜ਼ ਦੀ ਬੱਸ ਦੀ ਲੁੱਟ ਤੋਂ ਜਾਪਦਾ ਹੈ ਕਿ ਸੂਬੇ ਦੀ ਅਮਨ ਕਾਨੂੰਨ ਵਿਵਸਥਾ ਸੁਧਾਰੀ ਨਹੀਂ ਜਾ ਸਕੇਗੀ। ਉਨ੍ਹਾਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਅਤੇ ਇਸ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਮਨਾਂ ਵਿੱਚ ਡਰ ਬੈਠ ਗਿਆ ਹੈ ਤੇ ਗੈਂਗਸਟਰਾਂ ਨੂੰ ਖੁੱਲ੍ਹ ਮਿਲਣ ਕਾਰਨ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਕਿਉਂਕਿ ਗੈਂਗਸਟਰ ਨਾ ਸਿਰਫ ਫਿਰੌਤੀਆਂ ਹਾਸਲ ਕਰ ਰਹੇ ਹਨ, ਬਲਕਿ ਮਿੱਥ ਕੇ ਕਤਲ ਕੀਤੇ ਜਾ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਜਿਹੇ ਹਾਲਾਤਾਂ ਕਾਰਨ ਸੂਬੇ ਵਿੱਚ ਛੋਟੇ ਅਪਰਾਧ ਵੀ ਵਧ ਗਏ ਹਨ ਤੇ ਦਿਨ-ਦਿਹਾੜੇ ਡਾਕੇ ਪੈਣ ਲੱਗੇ ਹਨ ਅਤੇ ਅਣਗਿਣਤ ਕਤਲ ਹੋ ਰਹੇ ਹਨ।