ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 5 ਮਈ
ਪਨਸੀਡ ਵਿੱਚ ਹੋਏ ਬੀਜ ਘੁਟਾਲੇ ਸਬੰਧੀ ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਰਾਜ ਸੀਡ ਕਾਰਪੋਰੇਸ਼ਨ ਦੇ ਕੋਟਕਪੂਰਾ ਡਿੱਪੂ ਪਹੁੰਚੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨੀ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ ਤੇ ਨਾ ਹੀ ਕਿਸਾਨ ਦੀ ਹਾਲਤ ਸੁਧਾਰਨ ਵੱਲ ਕੋਈ ਧਿਆਨ ਦੇ ਰਿਹਾ ਹੈ। ਸਿੱਧੂ ਨੇ ਅੰਕੜਿਆਂ ਰਾਹੀਂ ਦੱਸਿਆ ਕਿ ਕਣਕ ਅਤੇ ਝੋਨੇ ਦੀ ਰਕਬੇ ਮੁਤਾਬਕ ਬੀਜ ਦੀ ਮੰਗ ਪੂਰੀ ਨਹੀਂ ਹੋ ਰਹੀ ਤੇ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਪਨਸੀਡ 35 ਰੁਪਏ ਬੀਜ ਪ੍ਰਾਈਵੇਟ ਡੀਲਰਾਂ ਨੂੰ ਵੇਚ ਰਿਹਾ ਹੈ ਤੇ ਅੱਗੋਂ ਕਿਸਾਨਾਂ ਨੂੰ 250 ਰੁਪਏ ਮਿਲ ਰਿਹਾ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਪ੍ਰਾਈਵੇਟ ਡੀਲਰਾਂ ਹਵਾਲੇ ਕੀਤਾ ਹੋਇਆ ਹੈ। ਭਗਵੰਤ ਮਾਨ ਨੂੰ ਘੇਰਦਿਆਂ ਸਿੱਧੂ ਨੇ ਕਿਹਾ, ‘‘ਹੁਣ ਕਿੱਧਰ ਗਿਆ ਤੁਹਾਡਾ ਦਿੱਲੀ ਮਾਡਲ, ਅਸੀਂ ਵੀ ਕਹਿੰਦੇ ਸੀ ਕਿ ਫਸਲੀ ਵਿਭਿੰਨਤਾ ਲਿਆਉਣ ਦੀ ਲੋੜ ਹੈ ਪਰ ਇਨ੍ਹਾਂ ਨੇ ਕਿਹਾ ਬਹੁਤ ਕੁਝ ਪਰ ਪੂਰਾ ਕੁਝ ਵੀ ਨਹੀਂ ਕੀਤਾ। ਭਗਵੰਤ ਮਾਨ ਗੱਲਾਂ ਮਾਰਨ ਦੀ ਬਜਾਏ ਕੁਝ ਕਰਕੇ ਵਿਖਾਉਣ।’’
ਇਸ ਮੌਕੇ ਕਿਸਾਨ ਗੁਰਮੇਲ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਸਿਰਫ ਡਰਾਮਾ ਕੀਤਾ ਹੈ, ਨਾ ਉਹ ਕਿਸੇ ਕਿਸਾਨ ਨੂੰ ਮਿਲੇ, ਨਾ ਕਿਸੇ ਅਧਿਕਾਰੀ ਨੂੰ ਤੇ ਨਾ ਹੀ ਮਸਲੇ ਬਾਰੇ ਪੁੱਛਿਆ। ਕਿਸਾਨ ਮਨਦੀਪ ਸਿੰਘ ਸੰਧਵਾਂ ਨੇ ਦੋਸ਼ ਲਾਇਆ ਕਿ ਬੀਤੇ ਦਿਨ ਕਾਲਾਬਾਜ਼ਾਰੀ ਮਾਮਲੇ ’ਚ ਮੌਕੇ ’ਤੇ ਪੁੱਜੇ ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਸੀ ਕਿ ਕਾਰਵਾਈ ਕੀਤੀ ਜਾਵੇਗੀ ਪਰ ਬਾਅਦ ਵਿੱਚ ਇਹ ਕਹਿ ਕੇ ਮਾਮਲਾ ਟਾਲ ਦਿੱਤਾ ਕਿ ਉਨ੍ਹਾਂ ਕੋਲ ਸਾਰੇ ਕਾਗਜ਼-ਪੱਤਰ ਪੂਰੇ ਹਨ।