ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਅਕਤੂਬਰ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਸਮਾਂ ਆ ਗਿਆ ਹੈ ਕਿ ਉਹ ਆਪਣਾ ਕੰਮ ਆਪਣੇ ਦਿਮਾਗ ਨਾਲ ਕਰਨ ਅਤੇ ਅੰਨ੍ਹੇਵਾਹ ਆਪਣੇ ਸਿਆਸੀ ਗੁਰੂ ਪਿੱਛੇ ਲੱਗ ਕੇ ਲੋਕਾਂ ਦੇ ਫਤਵੇ ਨੂੰ ਬਰਬਾਦ ਨਾ ਹੋਣ ਦੇਣ। ਬਾਜਵਾ ਨੇ ਮਾਨ ਸਰਕਾਰ ਨੂੰ ਪੰਜਾਬ ਨਾਲ ਸਬੰਧਤ ਸੰਵੇਦਨਸ਼ੀਲ ਮੁੱਦਿਆਂ ਨਾਲ ਨਜਿੱਠਣ ਸਮੇਂ ਵਧੇਰੇ ਸਾਵਧਾਨੀ ਤੇ ਸਮਝਦਾਰੀ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੇ ਪੰਜਾਬ ਵਿੱਚ ਬਹੁਤ ਅੰਤਰ ਹੈ ਤੇ ਦੋਵੇਂ ਥਾਵਾਂ ਦੇ ਆਪਣੇ ਖੇਤਰੀ ਮੁੱਦਿਆਂ ਦੀ ਵੱਖਰੀ ਵਿਸ਼ੇਸ਼ਤਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਅਸਲ ਅਤੇ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ ਨੂੰ ਚੰਗੀ ਤਰ੍ਹਾਂ ਸਮਝਣ ਦਾ ਸਮਾਂ ਆ ਗਿਆ ਹੈ। ਸ੍ਰੀ ਬਾਜਵਾ ਨੇ ਮੁੱਖ ਮੰਤਰੀ ਨੂੰ ਮੁਖਾਤਬ ਹੁੰਦਿਆਂ ਕਿਹ ਕਿ ਜੇਕਰ ਉਹ ਆਪਣੇ ਸਿਆਸੀ ਮਾਲਕ ਦੀ ਅੰਨ੍ਹੇਵਾਹ ਪੈਰਵੀ ਕਰਦੇ ਰਹੇ ਤਾਂ ਲੋਕ ਉਨ੍ਹਾਂ ’ਤੇ ਜ਼ਿਆਦਾ ਸਮਾਂ ਮਿਹਰਬਾਨ ਨਹੀਂ ਰਹਿਣਗੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਲਈ ਇਹ ਦੱਸਣ ਦਾ ਸਮਾਂ ਆ ਗਿਆ ਹੈ ਕਿ ਉਹ ਗਰੀਬ ਵਰਗ ਨੂੰ ਦਿੱਤੀ ਜਾ ਰਹੀ ਸਬਸਿਡੀ ਪ੍ਰਤੀ ਇਮਾਨਦਾਰ ਤੇ ਪਾਰਦਰਸ਼ੀ ਕਿਉਂ ਨਹੀਂ ਹਨ। ਉਨ੍ਹਾਂ ਕਿਹਾ ਕਿ ਸੀਬੀਆਈ ਪਹਿਲਾਂ ਹੀ ਕੇਜਰੀਵਾਲ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ 15 ਹੋਰਾਂ ਖ਼ਿਲਾਫ਼ ਕੇਸ ਦਰਜ ਕਰ ਚੁੱਕੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਨਵੀਂ ਆਬਕਾਰੀ ਨੀਤੀ ਇੰਨੀ ਵਧੀਆ ਸੀ ਤਾਂ ਕੇਜਰੀਵਾਲ ਸਰਕਾਰ ਨੇ ਇਸ ਨੂੰ ਅਚਾਨਕ ਛੱਡਣ ਦਾ ਫ਼ੈਸਲਾ ਕਿਉਂ ਲਿਆ? ਇਸੇ ਤਰ੍ਹਾਂ ਪੰਜਾਬ ਦੀ ਸ਼ਰਾਬ ਨੀਤੀ ਵੀ ਜਾਂਚ ਅਧੀਨ ਹੈ।