ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਸਤੰਬਰ
ਸ੍ਰੀ ਅਕਾਲ ਤਖ਼ਤ ਵੱਲੋਂ ਦਲ ਖਾਲਸਾ ਦੇ ਮੋਢੀ ਮੈਂਬਰ ਭਾਈ ਗਜਿੰਦਰ ਸਿੰਘ ਨੂੰ ‘ਜਲਾਵਤਨ ਸਿੱਖ ਯੋਧੇ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਉਪਾਧੀ ਇੱਕ ਵਿਸ਼ੇਸ਼ ਸਮਾਗਮ ਦੌਰਾਨ ਦਿੱਤੀ ਜਾਵੇਗੀ, ਜਿਸ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ।
ਸ੍ਰੀ ਅਕਾਲ ਤਖ਼ਤ ਵੱਲੋਂ ਦਲ ਖ਼ਾਲਸਾ ਦੇ ਇਸ ਆਗੂ ਸਮੇਤ ਦਸ ਹੋਰ ਅਹਿਮ ਸ਼ਖ਼ਸੀਅਤਾਂ ਨੂੰ ਵੀ ਵੱਖ ਵੱਖ ਪੁਰਸਕਾਰਾਂ ਨਾਲ ਸਨਮਾਨਿਆ ਜਾਣਾ ਹੈ। ਇਸ ਸਬੰਧੀ ਅਕਾਲ ਤਖ਼ਤ ਦੇ ਸਕੱਤਰੇਤ ਵੱਲੋਂ ਰਸਮੀ ਤੌਰ ’ਤੇ ਸ਼ਖ਼ਸੀਅਤਾਂ ਦੇ ਸਿਰਨਾਵਿਆਂ ’ਤੇ ਪੱਤਰ ਭੇਜੇ ਗਏ ਹਨ। ਇਸੇ ਤਹਿਤ ਗਜਿੰਦਰ ਸਿੰਘ ਦੀ ਇੰਗਲੈਂਡ ਵਾਸੀ ਧੀ ਬਿਕਰਮਜੀਤ ਕੌਰ ਅਤੇ ਜਥੇਬੰਦੀ ਦੇ ਮੁੱਖ ਦਫ਼ਤਰ ਵਿਖੇ ਪੱਤਰ ਭੇਜਿਆ ਗਿਆ ਹੈ, ਜਿਸ ਦੀ ਪੁਸ਼ਟੀ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਵੱਲੋਂ ਪ੍ਰਾਪਤ ਪੱਤਰ ਜਲਾਵਤਨ ਆਗੂ ਗਜਿੰਦਰ ਸਿੰਘ ਨੂੰ ਭੇਜ ਦਿੱਤਾ ਹੈ ਅਤੇ ਇਹ ਉਪਾਧੀ ਲੈਣ ਬਾਰੇ ਅੰਤਿਮ ਫ਼ੈਸਲਾ ਉਹੀ ਕਰਨਗੇ।
ਜਾਣਕਾਰੀ ਅਨੁਸਾਰ ਗਜਿੰਦਰ ਸਿੰਘ ਨੇ ਆਪਣੇ ਚਾਰ ਹੋਰ ਸਾਥੀਆਂ ਸਮੇਤ 29 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗ੍ਰਿਫ਼ਤਾਰੀ ਅਤੇ ਚੌਕ ਮਹਿਤਾ ਵਿਖੇ ਪੁਲੀਸ ਗੋਲੀਬਾਰੀ ਨਾਲ ਮਾਰੇ ਗਏ 16 ਸਿੱਖਾਂ ਦੇ ਰੋਸ ਵਜੋਂ ਇੰਡੀਅਨ ਏਅਰ ਲਾਈਨ ਦਾ ਜਹਾਜ਼ ਅਗਵਾ ਕੀਤਾ ਸੀ। ਉਹ ਜਹਾਜ਼ ਨੂੰ ਲਾਹੌਰ ਲੈ ਗਏ ਸਨ, ਜਿਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 1986 ਵਿੱਚ ਲਾਹੌਰ ਅਦਾਲਤ ਵੱਲੋਂ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ। 1994 ਵਿੱਚ ਰਿਹਾਅ ਹੋਣ ਮਗਰੋਂ ਉਹ ਉਥੇ ਹੀ ਰਹਿ ਗਏ ਸਨ। ਬੁਲਾਰੇ ਨੇ ਦੱਸਿਆ ਕਿ ਰਿਹਾਈ ਤੋਂ ਬਾਅਦ ਜਲਾਵਤਨੀ ਭੋਗ ਰਹੇ ਇਸ ਸਿੱਖ ਆਗੂ ਨੇ ਨਵੰਬਰ 2017 ਵਿਚ ਸੰਯੁਕਤ ਰਾਸ਼ਟਰ ਕੋਲੋਂ ਆਪਣੀ ਮਰਜ਼ੀ ਵਾਲੇ ਦੇਸ਼ ਵਿਚ ਰਹਿਣ ਦੀ ਮੰਗ ਕੀਤੀ ਸੀ। ਇਸ ਵਰ੍ਹੇ ਭਾਰਤ ਵਿਚ ਗਜਿੰਦਰ ਸਿੰਘ ਦੀ ਫੇਸਬੁੱਕ ਪੇਜ਼ ਨੂੰ ਦੋ ਵਾਰ ਬੰਦ ਕੀਤਾ ਜਾ ਚੁੱਕਾ ਹੈ।
ਸ੍ਰੀ ਅਕਾਲ ਤਖ਼ਤ ਵੱਲੋਂ ਸਨਮਾਨੀਆਂ ਜਾਣ ਵਾਲੀਆਂ 11 ਸ਼ਖ਼ਸੀਅਤਾਂ ਵਿੱਚ ਦਮਦਮੀ ਟਕਸਾਲ ਦੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ, ਗਿਆਨੀ ਬਲਵੰਤ ਸਿੰਘ ਕੋਠਾਗੁਰੂ, ਗਿਆਨੀ ਮੇਵਾ ਸਿੰਘ ਸਾਬਕਾ ਮੈਂਬਰ ਧਰਮ ਪ੍ਰਚਾਰ ਕਮੇਟੀ, ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲੇ (ਸਾਰੇ ਅਕਾਲ ਚਲਾਣਾ ਕਰ ਚੁੱਕੇ ਹਨ), ਡਾ. ਗੁਰਨਾਮ ਸਿੰਘ ਸਾਬਕਾ ਮੁਖੀ ਗੁਰਮਤਿ ਸੰਗੀਤ ਵਿਭਾਗ ਪੰਜਾਬੀ ’ਵਰਸਿਟੀ, ਭਾਈ ਹਰਸਿਮਰਨ ਸਿੰਘ ਅਨੰਦਪੁਰ ਸਾਹਿਬ, ਭਾਈ ਹਰਿੰਦਰ ਸਿੰਘ ਖਾਲਸਾ ਬਠਿੰਡਾ, ਡਾ. ਦਰਸ਼ਨ ਸਿੰਘ, ਗਿਆਨੀ ਗੁਰਬਚਨ ਸਿੰਘ ਮੁਕਤਸਰੀ ਤੇ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਦੇ ਨਾਂ ਸ਼ਾਮਲ ਹਨ।