ਪੱਤਰ ਪ੍ਰੇਰਕ
ਅੰਮ੍ਰਿਤਸਰ, 5 ਅਕਤੂਬਰ
ਅੰਮ੍ਰਿਤਸਰ ਸਰਬੱਤ ਖਾਲਸਾ ਸੰਮੇਲਨ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ ਆਖਿਆ ਕਿ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ 30ਵੀਂ ਬਰਸੀ 9 ਅਕਤੂਬਰ ਨੂੰ ਸਵੇਰੇ 8 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਬਰਸੀ ਮੌਕੇ ਕਰਵਾਏ ਜਾ ਰਹੇ ਸ਼ਰਧਾਂਜਲੀ ਸਮਾਰੋਹ ਸਬੰਧੀ 7 ਅਕਤੂਬਰ ਤੋਂ ਅਖੰਡ ਪਾਠ ਆਰੰਭ ਹੋਵੇਗਾ, ਜਿਸ ਦੇ ਭੋਗ 9 ਅਕਤੂਬਰ ਨੂੰ ਸਵੇਰੇ 8 ਵਜੇ ਪਾਉਣ ਉਪਰੰਤ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਜਾਵੇਗਾ। ਇਸ ਦੌਰਾਨ ਸਿੱਖ ਪੰਥ ਦੇ ਬੁੱਧੀਜੀਵੀ ਬੁਲਾਰਿਆਂ ਵੱਲੋਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ। ਇਸ ਮੌਕੇ ਪੰਥਕ ਸੰਗਠਨਾਂ, ਪੰਥਕ ਦਰਦੀਆਂ ਤੇ ਪੰਥਕ ਹਿਤੈਸ਼ੀਆਂ ਵੱਲੋਂ ਦੋਵੇਂ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨਤ ਵੀ ਕੀਤਾ ਜਾਵੇਗਾ।