ਬੀ.ਐੱਸ. ਚਾਨਾ
ਕੀਰਤਪੁਰ ਸਾਹਿਬ, 4 ਜੁਲਾਈ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ’ਤੇ ਪਿਛਲੇ ਦਿਨੀਂ ਹੋਏ ਅਤਿਵਾਦੀ ਹਮਲੇ ਦੌਰਾਨ ਮਾਰੇ ਗਏ ਭਾਈ ਸਵਿੰਦਰ ਸਿੰਘ ਦੀਆਂ ਅਸਥੀਆਂ ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਨੇੜੇ ਸਤਲੁਜ ਦਰਿਆ ’ਤੇ ਬਣੇ ਅਸਥਘਾਟ ਵਿਖੇ ਜਲ ਪ੍ਰਵਾਹ ਕਰ ਦਿੱਤੀਆਂ। ਅਸਥੀਆਂ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਅਸਥੀਆਂ ਜਲ ਪ੍ਰਵਾਹ ਕੀਤੀਆਂ। ਇਸ ਦੌਰਾਨ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕਰਵਾਈ ਗਈ। ਇਸ ਮੌਕੇ ਅਜਮੀਤ ਸਿੰਘ, ਜਗਨਦੀਪ ਸਿੰਘ (ਸਵਿੰਦਰ ਸਿੰਘ ਦੇ ਦੋਵੇਂ ਬੇਟੇ), ਪਤਨੀ ਪ੍ਰਿਤਪਾਲ ਕੌਰ, ਬੇਟੀ ਸ਼ਰਨਜੀਤ ਕੌਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਐਡੀਸ਼ਨਲ ਮੈਨੇਜਰ ਹਰਦੇਵ ਸਿੰਘ, ਮਨਜਿੰਦਰ ਸਿੰਘ ਬਰਾੜ ਅਕਾਲੀ ਆਗੂ, ਹਰਵਿੰਦਰ ਸਿੰਘ ਭੱਲੜੀ ਰਿਕਾਰਡ ਕੀਪਰ, ਡਾ. ਖੁਸ਼ਹਾਲ ਸਿੰਘ ਬਰੂਵਾਲ ਤੇ ਹਰਜਿੰਦਰ ਸਿੰਘ ਮੱਸੇਵਾਲ ਸਣੇ ਹੋਰ ਰਿਸ਼ਤੇਦਾਰ ਹਾਜ਼ਰ ਸਨ।