ਨਿੱਜੀ ਪੱਤਰ ਪ੍ਰੇਰਕ
ਝੁਨੀਰ, 14 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਮਲਕੀਤ ਸਿੰਘ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਪਿੰਡ ਘੁੱਦੂਵਾਲਾ ’ਚ ਕਿਸਾਨ ਜਸਪਾਲ ਸਿੰਘ ਪੁੱਤਰ ਬਾਬੂ ਸਿੰਘ ਦੀ ਦੋ ਏਕੜ ਜ਼ਮੀਨ ਦੀ ਨਿਲਾਮੀ ਨੂੰ ਆਪਸੀ ਏਕਤਾ ਕਰਦਿਆਂ ਰੁਕਵਾ ਦਿੱਤਾ। ਕਿਸਾਨਾਂ ਨੇ ਨਿਲਾਮੀ ਨੂੰ ਰੋਕਣ ਲਈ ਬਕਾਇਦਾ ਧਰਨਾ ਲਾ ਕੇ ਮਾਲ ਮਹਿਕਮੇ ਦੇ ਅਧਿਕਾਰੀਆਂ ਦਾ ਵਿਰੋਧ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਝੁਨੀਰ ਦੇ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ ਨੇ ਦੱਸਿਆ ਕਿ ਸੈਂਟਰਲ ਬੈਂਕ ਆਫ ਇੰਡੀਆ ਦੀ ਮਾਨਸਾ ਬ੍ਰਾਂਚ ਵੱਲੋਂ ਅਦਾਲਤ ਵਿੱਚੋਂ ਕੁਰਕੀ ਦੇ ਆਰਡਰ ਲਏ ਗਏ ਸਨ, ਜਿਸ ਤਹਿਤ ਹਰਪ੍ਰੀਤ ਸਿੰਘ ਗਿੱਲ ਤਹਿਸੀਲਦਾਰ ਪ੍ਰਸ਼ਾਸਨ ਸਮੇਤ ਪੁੱਜੇ ਹੋਏ ਸਨ, ਪ੍ਰੰਤੂ ਉਹ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਬੇਰੰਗ ਪਰਤ ਗਏ।