ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਜਨਵਰੀ
ਇੱਥੋਂ ਦੀ ਪੁਲੀਸ ਵੱਲੋਂ ਝਪਟਮਾਰੀ ਦੇ ਇੱਕ ਕੇਸ ’ਚ 26 ਜਨਵਰੀ ਨੂੰ ਗ੍ਰਿਫ਼ਤਾਰ ਕੀਤੇ ਗਏ ਚਰਚਿਤ ਯੂ ਟਿਊਬਰ ਭਾਨਾ ਸਿੱਧੂ ਦਾ ਤਿੰਨ ਰੋਜ਼ਾ ਪੁਲੀਸ ਰਿਮਾਂਡ ਅੱਜ ਖਤਮ ਹੋ ਗਿਆ। ਪੁਲੀਸ ਨੇ ਉਸ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਿਵਲ ਜੱਜ ਜੂਨੀਅਰ ਡਿਵੀਜ਼ਨ ਪਲਵਿੰਦਰ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ। ਉਸ ਦੇ ਵਕੀਲਾਂ ਵਜੋਂ ਐਡਵੋਕੇਟ ਬੀ.ਐਸ.ਭੁੱਲਰ ਅਤੇ ਐਸ.ਐਸ ਸੱਗੂ ਪੇਸ਼ ਹੋਏ। ਪੁਲੀਸ ਵੱਲੋਂ ਹੋਰ ਰਿਮਾਂਡ ਨਾ ਮੰਗਣ ’ਤੇ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਪਰ ਡੇਢ ਕੁ ਘੰਟੇ ਮਗਰੋਂ ਉਸ ਨੂੰ ਪਟਿਆਲਾ ਜੇਲ੍ਹ ਵਿਚੋਂ ਮੁਹਾਲੀ ਪੁਲੀਸ ਲੈ ਗਈ ਜਿਸ ਨੇ ਤਰਕ ਦਿੱਤਾ ਕਿ ਭਾਨਾ ਖ਼ਿਲਾਫ਼ ਮੁਹਾਲੀ ਦੇ ਥਾਣਾ ਫੇਜ਼ ਇੱਕ ’ਚ ਧਾਰਾ 294, 386 ਅਤੇ 506 ਤਹਿਤ ਕੇਸ ਦਰਜ ਹੈ।
ਯਾਦ ਰਹੇ ਕਿ ਭਾਨਾ ਸਿੱਧੂ ਨੂੰ ਪਿਛਲੇ ਦਿਨੀਂ ਲੁਧਿਆਣਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ ਜਿਸ ਮਗਰੋਂ ਉਸ ਨੂੰ ਜੇਲ੍ਹ ਭੇਜ ਦਿਤਾ ਗਿਆ ਸੀ ਪਰ ਜ਼ਮਾਨਤ ’ਤੇ ਰਿਹਾਈ ਤੋਂ ਪਹਿਲਾਂ ਹੀ 26 ਜਨਵਰੀ ਨੂੰ ਉਸ ਨੂੰ ਪਟਿਆਲਾ ਪੁਲੀਸ ਲੈ ਆਈ। ਉਸ ਖਿਲਾਫ 20 ਜਨਵਰੀ 2024 ਨੂੰ ਪਟਿਆਲਾ ਵਾਸੀ ਤੇਜਪ੍ਰੀਤ ਸਿੰਘ ਨੇ ਕੁੱਟਮਾਰ ਤੇ ਲੁੱਟ-ਖੋਹ ਦੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੀ ਪੜਤਾਲ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਸੀ।
ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਕੋਟਦੁੱਨਾ ਵਿੱਚ ਇਕੱਠ
ਧਨੌਲਾ (ਪੱਤਰ ਪ੍ਰੇਰਕ): ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪਿੰਡ ਕੋਟਦੁੱਨਾ ਵਿੱਚ ਉਸ ਦੇ ਹਮਾਇਤੀਆਂ ਨੇ ਇਕੱਠ ਕੀਤਾ। ਇਸ ਮੌਕੇ ਸਿਮਰਨਜੀਤ ਮਾਨ, ਸੁਖਪਾਲ ਸਿੰਘ ਖਹਿਰਾ, ਪਰਮਿੰਦਰ ਸਿੰਘ ਢੀਂਡਸਾ, ਇਕਬਾਲ ਸਿੰਘ ਝੂੰਦਾਂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੋਂ ਇਲਾਵਾ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਅਤੇ ਲੱਖਾ ਸਿਧਾਣਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਜਾਣਬੁੱਝ ਕੇ ਭਾਨਾ ਸਿੱਧੂ ’ਤੇ ਜ਼ੁਲਮ ਢਾਹ ਰਹੀ ਹੈ ਜਦਕਿ ਉਹ ਲੋਕ ਆਵਾਜ਼ ਬਣ ਰਿਹਾ ਹੈ ਤੇ ਲੋਕ ਭਲਾਈ ਦੇ ਕੰਮ ਕਰ ਰਿਹਾ ਹੈ, ਦੂਜੇ ਪਾਸੇ ਨਸ਼ਿਆਂ ਦੇ ਕਾਰੋਬਾਰੀ ਸ਼ਰ੍ਹੇਆਮ ਘੁੰਮ ਰਹੇ ਹਨ। ਆਗੂਆਂ ਨੇ ਕਿਹਾ ਕਿ ਵਿਦੇਸ਼ ਭੇਜਣ ਦੇ ਨਾਂ ’ਤੇ ਮੋਟੀਆਂ ਠੱਗੀਆਂ ਦਾ ਸ਼ਿਕਾਰ ਹੋਏ ਲੋਕ ਭਾਨਾ ਸਿੱਧੂ ਕੋਲ ਆ ਕੇ ਏਜੰਟਾਂ ਤੋਂ ਪੈਸੇ ਵਾਪਸ ਕਰਾਉਣ ਵਿੱਚ ਮਦਦ ਮੰਗਦੇ ਹਨ।
ਆਪਣੇ ਖ਼ਿਲਾਫ਼ ਬੋਲਣ ਵਾਲਿਆਂ ਤੋਂ ਘਬਰਾਈ ਸਰਕਾਰ: ਬਾਜਵਾ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ’ਤੇ ਸੂਬੇ ’ਚ ਅਸਹਿਮਤੀ ਦੀਆਂ ਆਵਾਜ਼ਾਂ ਦਾ ਗਲਾ ਘੁੱਟਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਯੂਟਿਊਬਰ ਭਾਨਾ ਸਿੱਧੂ ਦੇ ਮਾਮਲੇ ’ਤੇ ਸਰਕਾਰ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਭਾਨਾ ਸਿੱਧੂ ਸਿਰਫ ਇਸ ਲਈ ਨਿਸ਼ਾਨੇ ’ਤੇ ਹਨ ਕਿਉਂਕਿ ਉਹ ਸੂਬੇ ਦੀ ‘ਆਪ’ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਬੋਲਦੇ ਹਨ। ਉਨ੍ਹਾਂ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਜੋ ਨਿੰਦਣਯੋਗ ਹੈ। ਬਾਜਵਾ ਨੇ ਮੰਗ ਕੀਤੀ ਕਿ ਭਾਨਾ ਸਿੱਧੂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਉਸ ਵਿਰੁੱਧ ਦਰਜ ਕੀਤੇ ਗਏ ਸਾਰੇ ਝੂਠੇ ਕੇਸ ਰੱਦ ਕੀਤੇ ਜਾਣ। ਪੰਜਾਬ ਦੇ ਲੋਕਾਂ ਨੂੰ ਅਜੇ ਵੀ ਯਾਦ ਹੈ ਕਿ ਕਿਵੇਂ ‘ਆਪ’ ਸਰਕਾਰ ਨੇ ਕਈ ਪੱਤਰਕਾਰਾਂ ਦੇ ਟਵਿੱਟਰ ਹੈਂਡਲ ਅਤੇ ਫੇਸਬੁੱਕ ਪੇਜ ਬੰਦ ਕਰਵਾਏ ਸਨ, ਜੋ ਸਰਕਾਰ ਦੀਆਂ ਗਲਤ ਨੀਤੀਆਂ ਦਾ ਪਰਦਾਫਾਸ਼ ਕਰ ਰਹੇ ਸਨ।