ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਫਰਵਰੀ
ਦਿੱਲੀ ਦੇ ਤਿੰਨਾਂ ਮੋਰਚਿਆਂ ਉਪਰ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੌਰਾਨ ਦੇਸ਼ ਦੀਆਂ ਲੋਕ ਕਲਾਵਾਂ ਦੀ ਵੀ ਝਲਕ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਦੇ ਭੰਡਾਂ ਨੇ ਅੱਜ ਸਿੰਘੂ ਬਾਰਡਰ ਦੇ ਮੁੱਖ ਮੰਚ ਤੋਂ ਮੋਦੀ ਸਰਕਾਰ ਨੂੂੰ ਨਿਸ਼ਾਨਾ ਬਣਾਉਂਦੇ ਹੋਏ ਭੰਡੀ ਕੀਤੀ। ਮੋਗਾ ਦੇ ਚੜਿੱਕ ਪਿੰਡ ਦੇ ਨੌਜਵਾਨ ਅਵਤਾਰ ਸਿੰਘ ਦੀ ਟੀਮ ਵੱਲੋਂ ਨਕਲਾਂ ਪੇਸ਼ ਕਰਕੇ ਜਿੱਥੇ ਅੰਦੋਲਨਕਾਰੀ ਕਿਸਾਨਾਂ ਦੇ ਢਿੱਡੀਂ ਪੀੜਾਂ ਪਾਈਆਂ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕੇਂਦਰ ਸਰਕਾਰ ਦੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਤਿੱਖੇ ਵਿਅੰਗ ਬਾਣ ਭਾਜਪਾ ਵੱਲ ਸੇਧੇ। ਉਨ੍ਹਾਂ ਆਪਣੇ ਸਾਥੀਆਂ ਇਕਬਾਲ ਸਿੰਘ, ਜਸਰਿਆਜ਼, ਗੁਰਭੇਜ ਸਫ਼ਰ (ਸਾਰੇ ਚੜਿੱਕ ਵਾਸੀ) ਤੇ ਰਾਣਾ ਰਣਬੀਰ (ਨਿਵਾਸੀ ਨਾਹਰ ਖੋਟੇ) ਨਾਲ ਮਿਲ ਕੇ ਨਕਲਾਂ ਲਾਈਆਂ।