ਨਿੱਜੀ ਪੱਤਰ ਪ੍ਰੇਰਕ
ਮੋਗਾ, 16 ਸਤੰਬਰ
ਇੱਥੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਕਰੋੜਾਂ ਰੁਪਏ ਦੇ ਕਥਿਤ ਘਪਲੇ ਸਬੰਧੀ ਵਿਜੀਲੈਂਸ ਬਿਊਰੋ ਤੇ ਪੰਜਾਬ ਪੁਲੀਸ ਨੇ ਇੱਕੋ ਮਾਮਲੇ ’ਚ ਮੁਲਜ਼ਮਾਂ ਖ਼ਿਲਾਫ਼ ਵੱਖੋ-ਵੱਖਰੀਆਂ ਦੋ ਐੱਫਆਈਆਰ ਦਰਜ ਕੀਤੀਆਂ ਹਨ। ਥਾਣਾ ਧਰਮਕੋਟ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਨੇ ਮੁਲਜ਼ਮ ਮਾਲ ਪਟਵਾਰੀ ਤੇ ਹੋਰਾਂ ਖ਼ਿਲਾਫ਼ ਜਾਅਲਸਾਜ਼ੀ ਦੀਆਂ ਧਾਰਾਵਾਂ ਤਹਿਤ ਦਰਜ ਐੱਫਆਈਆਰ ਵਿਚ ਭ੍ਰਿਸ਼ਟਾਚਾਰ ਦੀ ਧਾਰਾ ਦਾ ਵਾਧਾ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁਲਜ਼ਮ ਮਾਲ ਪਟਵਾਰੀ ਖ਼ਿਲਾਫ਼ ਅਦਾਲਤ ’ਚ ਦੋਸ਼ ਪੱਤਰ ਜਲਦੀ ਦਾਇਰ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲਾ ਇੱਕੋ ਹੋਣ ਕਾਰਨ ਉੱਚ ਅਧਿਕਾਰੀਆਂ ਦੇ ਹੁਕਮਾਂ ਨਾਲ ਇਹ ਕੇਸ ਵਿਜੀਲੈਂਸ ਬਿਊਰੋ ਨੂੰ ਤਬਦੀਲ ਕਰਨ ਲਈ ਵੀ ਵਿਚਾਰ-ਵਟਾਂਦਰਾ ਚੱਲ ਰਿਹਾ ਹੈ।
ਧਰਮਕੋਟ ਸਬ ਡਿਵੀਜ਼ਨ ਅਧੀਨ ਸਤਲੁਜ ਦਰਿਆ ਅੰਦਰ ਪਿੰਡ ਆਦਰਾਮਾਨ ਸਥਿਤ ਸਰਕਾਰੀ ਜ਼ਮੀਨ ਦਾ ਪਰਵਾਸੀ ਮਹਿਲਾ ਦੇ ਨਾਮ ਕਥਿਤ ਗੈਰ-ਕਾਨੂੰਨੀ ਇੰਤਕਾਲ ਕਰਕੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਐਕੁਵਾਇਰ ਇਸ ਜ਼ਮੀਨ ਦਾ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਹੜੱਪਣ ਦੇ ਦੋਸ਼ ਹੇਠ ਥਾਣਾ ਧਰਮਕੋਟ ਪੁਲੀਸ ਨੇ ਡਿਪਟੀ ਕਮਿਸ਼ਨਰ ਦੇ ਹੁਕਮ ’ਤੇ ਇਸ ਵਰ੍ਹੇ ਦੀ 16 ਜੂਨ ਨੂੰ ਮਾਲ ਪਟਵਾਰੀ ਨਵਦੀਪ ਸਿੰਘ, ਪਰਵਾਸੀ ਮਹਿਲਾ ਦੱਸੀ ਜਾਂਦੀ ਦਿਲਕੁਸ਼ ਕੁਮਾਰੀ ਅਤੇ ਮੁਲਜ਼ਮ ਪਟਵਾਰੀ ਦੇ ਕਰਿੰਦੇ ਦੱਸੇ ਜਾਂਦੇ ਹਰਮਿੰਦਰ ਸਿੰਘ ਉਰਫ ਗਗਨ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਮੁਲਜ਼ਮ ਮਾਲ ਪਟਵਾਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸੇ ਮਾਮਲੇ ਵਿੱਚ ਹੀ ਸਥਾਨਕ ਵਿਜੀਲੈਂਸ ਬਿਊਰੋ ਨੇ ਵੀ ਲੰਮੀ ਜਾਂਚ ਮਗਰੋਂ 12 ਅਗਸਤ ਨੂੰ ਮਾਲ ਪਟਵਾਰੀ ਨਵਦੀਪ ਸਿੰਘ ਤੇ ਦੂਜੇ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ। ਹੁਣ ਇਸ ਮਾਮਲੇ ਦੀ ਪੰਜਾਬ ਪੁਲੀਸ ਤੇ ਵਿਜੀਲੈਂਸ ਵੱਖੋ-ਵੱਖਰੀ ਜਾਂਚ ਕਰ ਰਹੀ ਹੈ, ਜਦੋਂ ਕਿ ਕਾਨੂੰਨ ਮੁਤਾਬਕ ਇਕ ਮਾਮਲੇ ’ਚ ਇੱਕ ਐੱਫਆਈਆਰ ਤੇ ਇੱਕ ਹੀ ਏਜੰਸੀ ਵੱਲੋਂ ਜਾਂਚ ਕਰਕੇ ਮੁਲਜ਼ਮਾਂ ਖ਼ਿਲਾਫ਼ ਅਦਾਲਤ ਵਿੱਚ ਦੋਸ਼ ਪੱਤਰ ਦਾਇਰ ਕਰਨਾ ਬਣਦਾ ਹੈ। ਧਰਮਕੋਟ ਪੁਲੀਸ ਮੁਲਜ਼ਮ ਖ਼ਿਲਾਫ਼ ਕਾਨੂੰਨ ਮੁਤਾਬਕ ਅਦਾਲਤ ਵਿੱਚ ਸਮਾਂਬੱਧ 90 ਦਿਨ ਅੰਦਰ ਦੋਸ਼ ਪੱਤਰ ਦਾਇਰ ਨਹੀਂ ਕਰ ਸਕੀ। ਮੁਲਜ਼ਮ ਪੰਜਾਬ ਪੁਲੀਸ ਦੀ ਹਿਰਾਸਤ ਵਿੱਚ ਹੋਣ ਕਰਕੇ ਵਿਜੀਲੈਂਸ ਇਸ ਮਾਮਲੇ ਵਿੱਚ ਮੁਲਜ਼ਮ ਤੋਂ ਪੁੱਛ ਪੜਤਾਲ ਤੋਂ ਵਾਂਝੀ ਰਹਿ ਗਈ ਹੈ।