ਗਗਨਦੀਪ ਅਰੋੜਾ
ਲੁਧਿਆਣਾ, 30 ਦਸੰਬਰ
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਹੱਦਾਂ ’ਤੇ ਧਰਨੇ ਲਗਾਤਾਰ ਜਾਰੀ ਹਨ ਪਰ ਕੇਂਦਰ ਸਰਕਾਰ ਇਸ ਸਬੰਧੀ ਹਾਲੇ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਭਰ ਰਹੀ। ਇਸ ਦੇ ਰੋਸ ਵਜੋਂ ਲੁਧਿਆਣਾ ਦੇ ਇੱਕ ਕਿਸਾਨ ਸਮਰਥਕ ਗੁਰਪਾਲ ਸਿੰਘ ਨੇ ਸਵੇਰੇ ਪਾਰਕ ਵਿੱਚ ਲੱਗਣ ਵਾਲੀ ਆਰਐੱਸਐੱਸ ਦੀ ਸ਼ਾਖਾ ’ਚ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਆਰਐੱਸਐੱਸ ਦੇ ਮੈਂਬਰਾਂ ਨੂੰ ਸਵਾਲ ਕੀਤੇ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਸ ਨੇ ਸ਼ਾਖਾ ਦਾ ਝੰਡਾ ਵੀ ਪੁੱਟ ਸੁੱਟਿਆ। ਇਸ ਮਗਰੋਂ ਮੌਕੇ ’ਤੇ ਪੁੱਜੇ ਪੁਲੀਸ ਮੁਲਾਜ਼ਮਾਂ ਨੇ ਮਾਹੌਲ ਸ਼ਾਂਤ ਕਰਵਾਇਆ।
ਇਸ ਸਬੰਧੀ ਗੁਰਪਾਲ ਨੇ ਕਿਹਾ ਕਿ ਉਹ ਉਦੋਂ ਤਕ ਵਿਰੋਧ ਕਰਦਾ ਰਹੇਗਾ ਜਦੋਂ ਤਕ ਕਿਸਾਨ ਮਾਰੂ ਕਾਨੂੰਨ ਵਾਪਸ ਨਹੀਂ ਹੁੰਦੇ। ਕੇਂਦਰ ਸਰਕਾਰ ਚਾਰ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਹੈ। ਉਸ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਆਰਐੱਸਐੱਸ ਦੇ ਇਸ਼ਾਰੇ ’ਤੇ ਚੱਲਦੇ ਹਨ, ਇਸੇ ਲਈ ਉਹ ਉਥੇ ਗਿਆ ਸੀ। ਉਸ ਨੇ ਕਿਹਾ ਕਿ ਇਹ ਪਾਰਕ ਲੋਕਾਂ ਦੀ ਹੈ, ਜੇ ਇੱਥੇ ਆਰਐੱਸਐੱਸ ਆਪਣਾ ਝੰਡਾ ਲਾਉਣਾ ਚਾਹੁੰਦੀ ਹੈ ਤਾਂ ਨਾਲ ਕਿਸਾਨਾਂ ਦਾ ਝੰਡਾ ਵੀ ਲਾਇਆ ਜਾਵੇ। ਉਸ ਨੇ ਚਿਤਾਵਨੀ ਦਿੱਤੀ ਕਿ ਜੇ ਲੋੜ ਪਈ ਤਾਂ ਉਹ ਦੁਬਾਰਾ ਝੰਡਾ ਪੁੱਟੇਗਾ। ਇਸ ਦੌਰਾਨ ਉਸ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਧਰਮ ਦੇ ਖ਼ਿਲਾਫ਼ ਨਹੀਂ ਸਗੋਂ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਨੇ ਆਰਐੱਸਐੱਸ ਮੈਂਬਰਾਂ ਨੂੰ ਇਹੀ ਕਿਹਾ ਹੈ ਕਿ ਉਹ ਉਪਰ ਬੈਠੇ ਆਗੂਆਂ ਨੂੰ ਆਖ ਕੇ ਪ੍ਰਧਾਨ ਮੰਤਰੀ ਨੂੰ ਸਮਝਾਉਣ।