ਲਹਿਰਾਗਾਗਾ, 9 ਨਵੰਬਰ
ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਖਿਲਾਫ਼ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਹਿਲੀ ਅਕਤੂਬਰ ਤੋਂ ਲਗਾਤਾਰ ਰਿਲਾਇੰਸ ਪੰਪ ਲਹਿਰਾਗਾਗਾ ਅੱਗੇ ਲਾਇਆ ਧਰਨਾ ਅੱਜ 40ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਇਸ ਧਰਨੇ ਵਿੱਚ ਔਰਤਾਂ ਨੇ ਵੱਡੀ ਪੱਧਰ ’ਤੇ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਇਥੇ ਹਰੇਕ ਛੇਵੇਂ ਦਿਨ ਪੰਪ ’ਤੇ 20000 ਲਿਟਰ ਪੈਟਰੋਲ/ਡੀਜ਼ਲ ਆਉਂਦੀ ਸੀ ਪਰ 7 ਗੱਡੀਆਂ ਦੀ ਆਮਦ ਰੱਦ ਹੋ ਗਈ ਹੈ। ਧਰਨੇ ਨੂੰ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੋਰ, ਬਹਾਲ ਸਿੰਘ ਢੀਂਡਸਾ, ਇਸਤਰੀ ਕਿਸਾਨ ਆਗੂ ਜਸ਼ਨਪ੍ਰੀਤ ਕੌਰ ਪਿਸ਼ੋਰ, ਪਰਮਜੀਤ ਕੌਰ, ਬਹਾਦਰ ਸਿੰਘ ਭੁਟਾਲ, ਸੂਬਾ ਸਿੰਘ ਸੰਗਤਪੁਰਾ, ਲੀਲਾ ਸਿੰਘ ਚੋਟੀਆਂ, ਹਰਜੀਤ ਭੁਟਾਲ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਫਸਲਾਂ ਦੀ ਸਰਕਾਰੀ ਖਰੀਦ ਤੋਂ ਭੱਜ ਰਹੀਆਂ ਹਨ ਅਤੇ ਐਫਸੀਆਈ ਦੀ ਖਰੀਦ ਪਹਿਲਾਂ ਹੀ ਅੱਧੀ ਕਰ ਦਿੱਤੀ ਗਈ ਹੈੇ। ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਕਿਸਾਨਾਂ ਦੀ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੇ ਰੌਂਅ ’ਚ ਹਨ ਅਤੇ ਕਿਰਤੀ ਲੋਕਾਂ ਵੱਲੋਂ ਸੰਘਰਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਚਲਾਏ ਸੰਘਰਸ਼ ਬਾਰੇ ਕੰਧ ’ਤੇ ਲਿਖਿਆ ਪੜ੍ਹਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਕਰਨ ਵਾਲੇ ਲੋਕ ਸਰਕਾਰਾਂ ਦੀਆਂ ਗਿੱਦੜ ਧਮਕੀਆਂ ਤੋਂ ਨਹੀਂ ਡਰਦੇ। ਇਤਿਹਸ ਗਵਾਹ ਹੈ ਕਿ ਸੰਘਰਸ਼ ਕਰਨ ਵਾਲੇ ਲੋਕ ਕਦੇ ਵੀ ਹਾਰਿਆ ਨਹੀਂ ਕਰਦੇ ਅਤੇ ਪੰਜਾਬੀ ਕਿਸੇ ਦੀ ਈਨ ਨਹੀਂ ਮੰਨਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਅੰਦਰ ਹਰੇਕ ਜਿਣਸ ਦੇ ਐਮਐਸਪੀ ਰੇਟ ’ਤੇ ਖਰੀਦ ਦੇ ਪ੍ਰਬੰਧ ਕਰੇ ਅਤੇ ਫਸਲਾਂ ਦਾ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਸੀ 2 ਤਹਿਤ ਦਿੱਤਾ ਜਾਵੇ ਤੇ ਦੇਸ਼ ਨੂੰ ਸਰਮਾਏਦਾਰਰਾਂ ਨੂੰ ਵੇਚਣਾ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ’ਤੇ ਮੋਦੀ ਸਰਕਾਰ ਦੀ ਆਲੋਚਨਾ ਹੋੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਖੇਤੀ ਵਿਰੋਧੀ ਕਾਨੂੰਨ ਰੱਦ ਕੀਤੇ ਜਾਣ।