ਪਰਸ਼ੋਤਮ ਬੱਲੀ
ਬਰਨਾਲਾ, 12 ਨਵੰਬਰ
13 ਨਵੰਬਰ ਨੂੰ ਕੇਂਦਰੀ ਮੰਤਰੀਆਂ ਵੱਲੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਦਿੱਤੇ ਸੱਦੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ ਤੇ ਜਥੇਬੰਦੀ ਮੀਟਿੰਗ ਵਿੱਚ ਸ਼ਾਮਲ ਹੋਵੇਗੀ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੂੰ ਕਿਸੇ ਵਿਸ਼ੇਸ਼ ਪ੍ਰਾਪਤੀ ਦੀ ਉਮੀਦ ਨਾ ਹੋਣ ਦੇ ਬਾਵਜੂਦ ਉਸ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਨਾ ਉਮੀਦੀ ਦੇ ਕਾਰਨ ਗਿਣਾਉਂਦਿਆਂ ਸ੍ਰੀ ਕੋਕਰੀ ਨੇ ਕਿਹਾ ਕਿ ਪਿਛਲੀ ਕੇਂਦਰੀ ਖੇਤੀਬਾੜੀ ਸੈਕਟਰੀ ਨਾਲ ਹੋਈ ਮੀਟਿੰਗ ਸਮੇਂ ਜਥੇਬੰਦਕ ਆਗੂ ਮੰਗ ਪੱਤਰ ਵੀ ਸੌਂਪ ਕੇ ਆਏ ਸਨ। ਜੇਕਰ ਸਰਕਾਰ ਗੰਭੀਰ ਹੁੰਦੀ ਤਾਂ ਉਸ ਮੰਗ ਪੱਤਰ ਸਬੰਧੀ ਸੱਦੇ ਪੱਤਰ ਨਾਲ ਕੋਈ ਤਜਵੀਜ਼ ਭੇਜਦੇ, ਜਿਸ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਦੂਸਰਾ ਖੇਤੀਬਾੜੀ ਮੰਤਰੀ ਭਲਕੇ ਦੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੀ ਥਾਂ ਰੇਲਵੇ ਮੰਤਰੀ ਨੂੰ ਨਾਲ ਬਿਠਾ ਰਹੇ ਹਨ ਜੋ ਸੰਭਵ ਹੈ ਕਿ ਰੇਲਵੇ ਨਾਲ ਸਬੰਧਤ ਸ਼ਰਤਾਂ ਥੋਪੀਆਂ ਜਾ ਸਕਦੀਆਂ ਹਨ। ਬਿਹਾਰ ਚੋਣਾਂ ਜਿੱਤਣ ਨੂੰ ਭਾਜਪਾ ਆਗੂਆਂ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ‘ਚ ਮੋਦੀ ਸਰਕਾਰ ਨੂੰ ਮਿਲੇ ਫਤਵੇ ਵਜੋਂ ਬਿਆਨ ਕੇ ਭਾਜਪਾ ਦੀ ਇਸ ਮਸਲੇ ਦੇ ਹੱਲ ਪ੍ਰਤੀ ਪਹੁੰਚ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।