ਪੱਤਰ ਪ੍ਰੇਰਕ
ਲਹਿਰਾਗਾਗਾ, 12 ਮਈ
ਭਗਵੰਤ ਮਾਨ ਸਰਕਾਰ ਵੱਲੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਚਲਾਈ ਮੁਹਿੰਮ ਤਹਿਤ ਬੀਬੀ ਭੱਠਲ ਨੇ ਲਹਿਰਾਗਾਗਾ ਸ਼ਹਿਰ ਵਿਚਲੀ ਆਪਣੀ ਰਿਹਾਇਸ਼ ਕੋਲ ਨਗਰ ਕੌਂਸਲ/ਨਹਿਰੀ ਵਿਭਾਗ ਦੀ ਜਾਇਦਾਦ ’ਤੇ ਕੀਤਾ 40 ਸਾਲ ਪੁਰਾਣਾ ਕਬਜ਼ਾ ਛੱਡ ਦਿੱਤਾ ਹੈ। ਬੀਬੀ ਭੱਠਲ ਦੀ ਕੋਠੀ ਸਾਹਮਣੇ ਨਗਰ ਕੌਂਸਲ ਦੀ ਜ਼ਮੀਨ ’ਤੇ ਕਮਰੇ ਪਾ ਕੇ ਗੇਟ ਆਦਿ ਲਾਏ ਹੋਏ ਸਨ। ਬੀਬੀ ਭੱਠਲ ਦੇ ਕਹਿਣ ’ਤੇ ਇਹ ਉਸਾਰੀ ਢਾਹ ਦਿੱਤੀ ਗਈ ਹੈ, ਜਿਸ ਮਗਰੋਂ ਹੁਣ ਦਿਆਲਪੁਰਾ ਰਜਵਾਹਾ ਨੂੰ ਰਾਹ ਖੋਲ੍ਹ ਦਿੱਤਾ ਜਾਵੇਗਾ।
ਕਾਂਗਰਸ ਦੇ ਬਲਾਕ ਪ੍ਰਧਾਨ ਰਾਜੇਸ਼ ਗਰਗ ਭੋਲਾ ਨੇ ਕਿਹਾ ਕਿ ਬੀਬੀ ਭੱਠਲ ਦੀ ਮਨਸ਼ਾ ਸਰਕਾਰੀ ਥਾਂ ’ਤੇ ਕਬਜ਼ਾ ਕਰਨ ਦੀ ਨਹੀਂ ਸੀ, ਸਗੋਂ ਸੀਐੱਮ ਵੇਲੇ ਮਿਲੇ ਸੁਰੱਖਿਆ ਬਲਾਂ ਲਈ ਦੋ ਕਮਰੇ ਉਸਾਰੇ ਗਏ ਸਨ। ਹੁਣ ਇਹ ਕਮਰੇ ਢਾਹ ਦਿੱਤੇ ਗਏ ਹਨ।
ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਉਹ ਕਿਸੇ ਵੀ ਸਰਕਾਰ ਵੱਲੋਂ ਲਏ ਲੋਕ ਪੱਖੀ ਫ਼ੈਸਲਿਆਂ ਦੀ ਕਦਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਆਪਣੀ ਰਿਹਾਇਸ਼ ਸੁਨਾਮ ਰੋਡ ਵਾਲੇ ਪਾਸੇ ਕਰ ਲਈ ਹੈ, ਜਿਸ ਕਰਕੇ ਇਹ ਥਾਂ ਹੁਣ ਖਾਲੀ ਹੋ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਕੌਂਸਲ ਦੀ ਤਤਕਾਲੀ ਪ੍ਰਧਾਨ ਰਵੀਨਾ ਗਰਗ ਨੂੰ ਇਹ ਉਸਾਰੀ ਢਾਹੁਣ ਲਈ ਕਿਹਾ ਸੀ, ਪਰ ਤਕਨੀਕੀ ਕਾਰਨਾਂ ਕਰਕੇ ਇਹ ਕੰਮ ਨਹੀਂ ਸੀ ਹੋ ਸਕਿਆ। ‘ਆਪ’ ਦੇ ਹਲਕਾ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਨੇ ਰਾਜਿੰਦਰ ਕੌਰ ਭੱਠਲ ਦੇ ਇਸ ਕਦਮ ਨੂੰ ਸ਼ਲਾਘਾਯੋਗ ਦੱਸਦਿਆਂ ਹਲਕੇ ਦੇ ਹੋਰ ਮੋਹਤਬਰਾਂ ਨੂੰ ਵੀ ਅੱਗੇ ਆ ਕੇ ਨਾਜਾਇਜ਼ ਕਬਜ਼ੇ ਛੱਡਣ ਦਾ ਸੱਦਾ ਦਿੱਤਾ ਹੈ।