ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 11 ਸਤੰਬਰ
ਇਥੋਂ ਨੇੜਲੇ ਟੌਲ ਪਲਾਜ਼ਾ ਕਾਲਾਝਾੜ ਤੋਂ ਵਾਪਸ ਜਾਂਦਿਆਂ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਪਿੰਡ ਰਾਜਪੁਰਾ ਦੇ ਕਿਸਾਨ ਬਲਵਿੰਦਰ ਸਿੰਘ ਪੁੱਤਰ ਨਰੰਜਣ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਅਤੇ ਰਾਜਪੁਰਾ ਇਕਾਈ ਦੇ ਪ੍ਰਧਾਨ ਹਰਦੇਵ ਸਿੰਘ ਨੇ ਦੱਸਿਆ ਕਿ ਪਿੰਡ ਰਾਜਪੁਰਾ ਦਾ ਕਿਸਾਨ ਬਲਵਿੰਦਰ ਸਿੰਘ ਅੱਜ ਜਦੋਂ ਬਾਅਦ ਦੁਪਹਿਰ ਪਿੰਡ ਦੀਆਂ ਕਿਸਾਨ ਔਰਤਾਂ ਨੂੰ ਟਰੈਕਟਰ ਟਰਾਲੀ ਰਾਹੀਂ ਕਾਲਾਝਾੜ ਟੌਲ ਪਲਾਜ਼ੇ ਵਿਖੇ ਲੱਗੇ ਧਰਨੇ ਤੋਂ ਵਾਪਸ ਪਿੰਡ ਲੈ ਕੇ ਜਾ ਰਿਹਾ ਸੀ ਤਾਂ ਪਿੰਡ ਦੇ ਗੁਰਦੁਆਰਾ ਸਾਹਿਬ ਨੇੜੇ ਜਾ ਕੇ ਉਸ ਦੀ ਅਚਾਨਕ ਸਿਹਤ ਢਿੱਲੀ ਹੋ ਗਈ ਅਤੇ ਮੌਕੇ ’ਤੇ ਮੌਤ ਹੋ ਗਈ। ਕਿਸਾਨ ਬਲਵਿੰਦਰ ਸਿੰਘ ਦਾ ਪਿੰਡ ਦੇ ਸਮਸ਼ਾਨ ਘਰ ਵਿਖੇ ਸਸਕਾਰ ਕੀਤਾ ਗਿਆ। ਕਿਸਾਨ ਬਲਵਿੰਦਰ ਸਿੰਘ ਦੇ ਦੋ ਬੱਚੇ ਮੁੰਡਾ ਅਤੇ ਲੜਕੀ ਜੋ ਸ਼ਾਦੀਸ਼ੁਦਾ ਹਨ ਅਤੇ ਲਗਪਗ 7 ਏਕੜ ਜ਼ਮੀਨ ਹੈ। ਕਿਸਾਨ ਸਿਰ ਬੈਂਕ ਦਾ ਦਸ ਲੱਖ ਰੁਪਏ ਕਰਜ਼ਾ ਚੜਿਆ ਹੋਇਆ ਹੈ। ਕਿਸਾਨ ਆਗੂਆਂ ਨੇ ਬਲਵਿੰਦਰ ਸਿੰਘ ਨੂੰ ਸ਼ਹੀਦ ਕਰਾਰ ਦਿੰਦਿਆਂ ਪਰਿਵਾਰ ਸਿਰ ਚੜ੍ਹਿਆ ਦਸ ਲੱਖ ਦਾ ਕਰਜ਼ਾ ਮੁਆਫ਼ ਕਰਨ, ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਦਸ ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ।