ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ ,13 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਟੌਲ ਪਲਾਜ਼ਾ ਮਾਝੀ, ਟੌਲ ਪਲਾਜ਼ਾ ਕਾਲਾਝਾੜ ਅਤੇ ਰਿਲਾਇੰਸ ਪੰਪ ਬਾਲਦ ਕਲਾਂ ਵਿਖੇ ਅੱਜ 74ਵੇਂ ਦਿਨ ਧਰਨੇ ਜਾਰੀ ਰਹੇ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ਤੇ ਸਥਿਤ ਟੌਲ ਪਲਾਜ਼ਾ ਮਾਝੀ ਵਿਖੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਸੁਖਦੇਵ ਸਿੰਘ ਬਾਲਦ ਕਲਾਂ, ਬਘੇਲ ਸਿੰਘ ਮਾਝੀ, ਅੰਗਰੇਜ ਸਿੰਘ, ਹਾਕਮ ਸਿੰਘ, ਲਾਭ ਸਿੰਘ, ਮੇਜਰ ਸਿੰਘ ਬਾਲਦ ਕਲਾਂ, ਚਰਨਜੀਤ ਭੜੋ, ਗੁਰਚਰਨ ਸਿੰਘ ਬੀਂਬੜੀ, ਜਗਦੀਸ਼ ਸਿੰਘ, ਹਰਦੀਪ ਨਕਟੇ, ਕੁਲਵੰਤ ਕੌਰ ਨਕਟੇ, ਕੁਲਵਿੰਦਰ ਬੇਗਮ ਅਤੇ ਜਸ਼ਨਦੀਪ ਕੌਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਦੀ ਮੰਗ ਤੁਰੰਤ ਪੂਰੀ ਕਰਨੀ ਚਾਹੀਦੀ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਹਰਜਿੰਦਰ ਸਿੰਘ ਘਰਾਚੋਂ, ਸੁਖਦੇਵ ਸਿੰਘ ਘਰਾਚੋਂ, ਮੇਵਾ ਸਿੰਘ ਕਾਲਾਝਾੜ, ਸਤਵਿੰਦਰ ਸਿੰਘ, ਹਰਜੀਤ ਸਿੰਘ ਮਹਿਲਾਂ, ਬਲਵੀਰ ਸਿੰਘ ਨਾਗਰਾ ਅਤੇ ਚਰਨਜੀਤ ਕੌਰ ਰਾਜਪੁਰਾ ਦੀ ਅਗਵਾਈ ਹੇਠ ਟੌਲ ਪਲਾਜ਼ਾ ਕਾਲਾਝਾੜ ਅਤੇ ਪੈਟਰੋਲ ਪੰਪ ਬਾਲਦ ਕਲਾਂ ਵਿਖੇ ਧਰਨੇ ਲਗਾਏ ਗਏ।ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਵਿਚਕਾਰ ਮੁਆਵਜ਼ੇ ਨੂੰ ਲੈ ਕੇ ਸਹਿਮਤੀ ਨਾ ਹੋਣ ਕਾਰਣ ਟੌਲ ਪਲਾਜ਼ਾ ਕਾਲਾਝਾੜ ਵਿਖੇ ਧਰਨੇ ਦੌਰਾਨ ਫੌਤ ਹੋਈ ਬੀਬੀ ਗੁਰਮੇਲ ਕੌਰ ਦਾ ਅੱਜ 6ਵੇਂ ਦਿਨ ਵੀ ਸਸਕਾਰ ਨਹੀਂ ਹੋ ਸਕਿਆ।