ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 23 ਨਵੰਬਰ
ਅੱਜ ਇਥੇ ਅਨਾਜ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਮਿਸ਼ਨ ਪੰਜਾਬ 2022 ਤਹਿਤ ਰੈਲੀ ਕੀਤੀ ਗਈ, ਜਿਸ ਵਿੱਚ ਕਿਸਾਨਾਂ ਨੂੰ ਰਾਜਨੀਤਕ ਪਾਰਟੀਆਂ ਅੱਗੇ ਹੱਥ ਅੱਡਣ ਦੀ ਥਾਂ ਖੁਦ ਸੱਤਾ ਸੰਭਾਲਣ ਦਾ ਸੱਦਾ ਦਿੱਤਾ ਗਿਆ। ਰੈਲੀ ਤੋਂ ਪਹਿਲਾਂ ਟਰੈਕਟਰ ਮਾਰਚ ਕੱਢਿਆ ਗਿਆ।
ਰੈਲੀ ਦੇ ਮੁੱਖ ਬੁਲਾਰੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਸਾਨਾਂ ਨੂੰ ਸਿਰਫ ਵੋਟ ਪਾਉਣ ਅਤੇ ਲੋਨ ਲੈਣ ਦਾ ਅਧਿਕਾਰ ਮਿਲਿਆ ਹੈ। ਸੱਤਾ ’ਤੇ ਕਾਬਜ਼ ਰਾਜਸੀ ਪਾਰਟੀਆਂ ਨੇ ਇੰਡਸਟਰੀ ਦਾ ਸਾਰਾ ਕਰਜ਼ਾ ਚੁੱਪ ਚੁਪੀਤੇ ਮੁਆਫ ਕਰ ਦਿੱਤਾ ਪਰ ਕਿਸਾਨਾਂ ਨੂੰ ਲਾਰੇ ਲੱਪੇ ਲਾ ਕੇ ਤਰਸ ਦੇ ਪਾਤਰ ਬਣਾ ਦਿੱਤਾ ਗਿਆ। ਸ੍ਰੀ ਚੜੂਨੀ ਨੇ ਕਿਹਾ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਪੰਜਾਬ ਦੇ ਕਿਸਾਨਾਂ ਤੇ ਆਮ ਲੋਕਾਂ ਲਈ ਇਕ ਵਧੀਆ ਮੌਕਾ ਹੈ, ਜਿਸ ਵਿੱਚ ਤੁਸੀਂ ਆਪਣੇ ਨੁਮਾਇੰਦੇ ਅੱਗੇ ਲਿਆ ਸਕਦੇ ਹੋ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਪੰਜਾਬ ਮਿਸ਼ਨ 2022 ਤਹਿਤ ਪੰਜਾਬ ਦੇ 117 ਅਸੈਂਬਲੀ ਹਲਕਿਆਂ ਤੋਂ ਕਿਸਾਨ ਉਮੀਦਵਾਰ ਖੜੇ ਕਰਨਗੇ ਤਾਂ ਕਿ ਉਹ ਅੱਗੇ ਜਾ ਕੇ ਕਿਸਾਨ ਪੱਖੀ ਨੀਤੀਆਂ ਬਣਾ ਕੇ ਲਾਗੂ ਕਰ ਸਕਣ। ਇਸ ਮੌਕੇ ਉਨ੍ਹਾਂ ਨੇ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਨੌਜਵਾਨ ਕਾਂਗਰਸੀ ਆਗੂ ਜਗਦੀਪ ਸਿੰਘ ਮਿੰਟੂ ਤੂਰ ਨੂੰ ਹਲਕਾ ਸੇਵਾਦਾਰ ਬਣਾਉਣ ਦਾ ਐਲਾਨ ਕੀਤਾ। ਰੈਲੀ ਨੂੰ ਸੂਬਾ ਪ੍ਰਧਾਨ ਰਛਪਾਲ ਸਿੰਘ ਜੌੜਾ ਮਾਜਰਾ, ਸਰਬਜੀਤ ਸਿੰਘ ਮੱਖਣ ਫਤਿਹਗੜ੍ਹ ਸਾਹਿਬ, ਗੁਰਪਾਲ ਸਿੰਘ ਮੰਗਵਾਲ, ਬੇਅੰਤ ਸਿੰਘ, ਅਮਨ ਸੰਗਰੂਰ ਆਦਿ ਨੇ ਵੀ ਸੰਬੋਧਨ ਕੀਤਾ। ਜਗਦੀਪ ਸਿੰਘ ਮਿੰਟੂ ਤੂਰ ਨੇ ਸਭਨਾ ਦਾ ਧੰਨਵਾਦ ਕੀਤਾ। ਗਾਇਕ ਜੋੜੀ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਨੇ ਗੀਤਾਂ ਨਾਲ ਰੰਗਾ ਰੰਗ ਪ੍ਰੋਗਰਾਮ ਦਿੱਤਾ।