ਚਰਨਜੀਤ ਭੁੱਲਰ
ਚੰਡੀਗੜ੍ਹ, 14 ਜਨਵਰੀ
ਭਾਰਤੀ ਕਿਸਾਨ ਯੂਨੀਅਨ (ਮਾਨ) ਦੇ ਕੌਮੀ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਭੁਪਿੰਦਰ ਸਿੰਘ ਮਾਨ ਨੇ ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਬਣਾਈ ਗਈ ਚਾਰ ਮੈਂਬਰੀ ਕਮੇਟੀ ’ਚੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਉਨ੍ਹਾਂ ਅੱਜ ਬਿਆਨ ਜਾਰੀ ਕਰਕੇ ਕਮੇਟੀ ਛੱਡਣ ਦਾ ਐਲਾਨ ਕੀਤਾ। ਸੰਯੁਕਤ ਕਿਸਾਨ ਮੋਰਚੇ ਨੇ ਚਾਰ ਮੈਂਬਰੀ ਕਮੇਟੀ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਪਹਿਲਾਂ ਹੀ ਉਸ ਅੱਗੇ ਪੇਸ਼ ਨਾ ਹੋਣ ਦਾ ਫ਼ੈਸਲਾ ਕਰ ਲਿਆ ਸੀ। ਸੁਪਰੀਮ ਕੋਰਟ ਵੱਲੋਂ ਕਮੇਟੀ ਦੇ ਐਲਾਨ ਨਾਲ ਹੀ ਬਾਕੀ ਮੈਂਬਰਾਂ ਸਮੇਤ ਭੁਪਿੰਦਰ ਸਿੰਘ ਮਾਨ ਵੀ ਵਿਵਾਦਾਂ ਵਿਚ ਘਿਰ ਗਏ ਸਨ। ਉਨ੍ਹਾਂ ’ਤੇ ਉਂਗਲ ਉੱਠੀ ਸੀ ਕਿ ਉਹ ਪਹਿਲਾਂ ਹੀ ਖੇਤੀ ਕਾਨੂੰਨਾਂ ਦੀ ਹਮਾਇਤ ਵਿਚ ਬੋਲ ਚੁੱਕੇ ਹਨ ਅਤੇ ਉਨ੍ਹਾਂ ’ਤੇ ਹਕੂਮਤੀ ਠੱਪਾ ਲੱਗੇ ਹੋਣ ਦੀ ਚਰਚਾ ਵੀ ਚੱਲ ਰਹੀ ਸੀ।
ਸੂਤਰਾਂ ਮੁਤਾਬਕ ਕਾਂਗਰਸ ਦੇ ਅੰਦਰੋਂ ਵੀ ਭੁਪਿੰਦਰ ਸਿੰਘ ਮਾਨ ’ਤੇ ਦਬਾਅ ਬਣ ਗਿਆ ਸੀ। ਆਪਣੇ ਬਿਆਨ ’ਚ ਸ੍ਰੀ ਮਾਨ ਨੇ ਪਹਿਲਾਂ ਤਾਂ ਕਮੇਟੀ ਵਿਚ ਸ਼ਾਮਲ ਕਰਨ ਲਈ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕਿਸਾਨ ਅਤੇ ਕਿਸਾਨ ਆਗੂ ਹੋਣ ਦੇ ਨਾਤੇ ਲੋਕ ਭਾਵਨਾਵਾਂ ਨੂੰ ਸਮਝਦੇ ਹੋਏ ਇਸ ਕਮੇਟੀ ਦੀ ਮੈਂਬਰੀ ਨੂੰ ਤਿਆਗਦੇ ਹਨ।
ਉਹ ਪੂਰੀ ਤਰ੍ਹਾਂ ਪੰਜਾਬ ਅਤੇ ਦੇਸ਼ ਦੀ ਕਿਸਾਨੀ ਦੇ ਹਿੱਤਾਂ ਲਈ ਡਟਣਗੇ ਅਤੇ ਹਮੇਸ਼ਾ ਪੰਜਾਬ ਦੀ ਕਿਸਾਨੀ ਨਾਲ ਖੜ੍ਹਨਗੇ। ਦੱਸਣਯੋਗ ਹੈ ਕਿ ਕਿਸਾਨ ਘੋਲ ਵਿਚ ਕੁੱਦੀ ਕਿਸਾਨੀ ਨੇ ਭੁਪਿੰਦਰ ਸਿੰਘ ਮਾਨ ਨੂੰ ਆਲੋਚਨਾ ਦੇ ਘੇਰੇ ਵਿਚ ਲਿਆਂਦਾ ਸੀ ਅਤੇ ਉਸ ਦੇ ਮੈਂਬਰ ਬਣਨ ਨੂੰ ਕੇਂਦਰ ਸਰਕਾਰ ਦੀ ਸਾਜ਼ਿਸ਼ ਦੇ ਨਾਲ ਸਿੱਧੇ ਤੌਰ ’ਤੇ ਜੋੜ ਕੇ ਦੇਖਿਆ ਸੀ। ਚਰਚੇ ਹਨ ਕਿ ਪੰਜਾਬ ਵਜ਼ਾਰਤ ਦੇ ਕੁਝ ਮੰਤਰੀ ਵੀ ਭੁਪਿੰਦਰ ਸਿੰਘ ਮਾਨ ’ਤੇ ਅੰਦਰੋਂ ਅੰਦਰੀਂ ਦਬਾਅ ਬਣਾਉਣ ਵਿਚ ਲੱਗੇ ਹੋਏ ਸਨ ਤਾਂ ਜੋ ਸਿਆਸੀ ਨੁਕਸਾਨ ਤੋਂ ਬਚਿਆ ਜਾ ਸਕੇ।
ਜਥੇਬੰਦੀ ਨੇ ਭੁਪਿੰਦਰ ਮਾਨ ਨਾਲੋਂ ਨਾਤਾ ਤੋੜਿਆ
ਬੀਕੇਯੂ (ਮਾਨ) ਦੇ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਦੀ ਅਗਵਾਈ ਵਿਚ ਹੋਈ ਸੂਬਾ ਕਮੇਟੀ ਦੀ ਮੀਟਿੰਗ ਵਿਚ ਸਮੁੱਚੀ ਪੰਜਾਬ ਇਕਾਈ ਨੇ ਕੌਮੀ ਪ੍ਰਧਾਨ ਭੁਪਿੰਦਰ ਸਿੰਘ ਮਾਨ ਨਾਲੋਂ ਨਾਤਾ ਤੋੜ ਲਿਆ ਹੈ। ਮੀਆਂਪੁਰ ਨੇ ਕਿਹਾ ਕਿ ਚਾਰ ਮੈਂਬਰੀ ਕਮੇਟੀ ਨੂੰ ਉਹ ਮਾਨਤਾ ਨਹੀਂ ਦਿੰਦੇ ਹਨ ਅਤੇ ਕਿਸਾਨ ਘੋਲ ਵਿਚ ਉਹ ਕਿਸਾਨੀ ਨਾਲ ਖੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਚਾਰ ਮੈਂਬਰੀ ਕਮੇਟੀ ਵਿਚ ਸ਼ਮੂਲੀਅਤ ਭੁਪਿੰਦਰ ਸਿੰਘ ਮਾਨ ਦਾ ਆਪਣਾ ਨਿੱਜੀ ਫ਼ੈਸਲਾ ਸੀ। ਉਨ੍ਹਾਂ ਕਿਹਾ ਕਿ ਬੇਸ਼ੱਕ ਹੁਣ ਭੁਪਿੰਦਰ ਸਿੰਘ ਮਾਨ ਨੇ ਕਮੇਟੀ ਨੂੰ ਛੱਡ ਦਿੱਤਾ ਹੈ ਪ੍ਰੰਤੂ ਜਥੇਬੰਦੀ ਦਾ ਉਨ੍ਹਾਂ ਨਾਲ ਹਾਲੇ ਵੀ ਕੋਈ ਨਾਤਾ ਨਹੀਂ ਰਹੇਗਾ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੇ ਅੱਜ ਦੇ ਫ਼ੈਸਲੇ ਮਗਰੋਂ ਹੀ ਮਾਨ ਨੇ ਕਮੇਟੀ ’ਚੋਂ ਬਾਹਰ ਆਉਣ ਦਾ ਐਲਾਨ ਕੀਤਾ ਹੈ।