ਜੋਗਿੰਦਰ ਸਿੰਘ ਮਾਨ
ਮਾਨਸਾ, 10 ਮਾਰਚ
ਕਿਸਾਨੀ ਸੰਘਰਸ਼ਾਂ ਦੇ ਮੋਹਰੀ ਪਿੰਡ ਭੈਣੀ ਬਾਘਾ ਦੀ ਬੀਬੀ ਸੁਖਪਾਲ ਕੌਰ ਦਿੱਲੀ ਤੋਂ ਆਉਂਦਿਆਂ ਰਸਤੇ ਵਿਚ ਅਚਾਨਕ ਤਬੀਅਤ ਵਿਗੜਨ ਕਾਰਨ ਦਿਲ ਦਾ ਦੌਰਾ ਪੈਣ ਤੋਂ ਬਾਅਦ ਪ੍ਰਲੋਕ ਸਿਧਾਰ ਗਏ। ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਦੀ ਅਗਵਾਈ ਹੇਠ ਦਿੱਲੀ ਵਿਖੇ ਮਹਿਲਾ ਦਿਵਸ ਉਪਰ ਕੇਂਦਰ ਸਰਕਾਰ ਵਿਰੁੱਧ ਵਿੱਢੇ ਅੰਦੋਲਨ ਦੌਰਾਨ ਲਗਾਤਾਰ ਤਿੰਨ ਦਿਨ ਮੋਦੀ ਹਕੂਮਤ ਦੀ ਮੁਰਦਾਬਾਦ ਕਰਨ ਤੋਂ ਬਾਅਦ ਪਿੰਡ ਨੂੰ ਹੋਰ ਬੀਬੀਆਂ ਨਾਲ ਪਰਤ ਰਹੀ ਸੀ। ਰਸਤੇ ਵਿਚ ਅਚਾਨਕ ਤਬੀਅਤ ਵਿਗੜਨ ਕਾਰਨ ਉਨ੍ਹਾਂ ਨੂੰ ਫਤਿਆਬਾਦ ( ਹਰਿਆਣਾ) ਦੇ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਪਰ ਜਥੇਬੰਦਕ ਉਪਰਾਲਿਆਂ ਅਤੇ ਡਾਕਟਰਾਂ ਦੇ ਯਤਨਾਂ ਦੇ ਬਾਵਜੂਦ ਉਹ ਜ਼ਿੰਦਗੀ ਦੀ ਜੰਗ ਹਾਰ ਗਏ। ਕਿਸਾਨ ਯੂਨੀਅਨ ਨੇ ਉਸ ਨੂੰ ਦਿੱਲੀ ਦੇ ਖੇਤੀ ਕਾਨੂੰਨਾਂ ਵਿਰੋਧੀ ਅੰਦੋਲਨ ਦੀ ਸ਼ਹੀਦ ਬੀਬੀ ਕਰਾਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਬੀਬਾ ਸੁਖਪਾਲ ਕੌਰ ਦਾ ਅੰਤਿਮ ਸੰਸਕਾਰ ਪਿੰਡ ਭੈਣੀ ਬਾਘਾ ਵਿਖੇ ਅੱਜ ਦੁਪਹਿਰ ਕਰ ਦਿੱਤਾ ਗਿਆ।
ਇਥੇ ਜ਼ਿਕਰਯੋਗ ਹੈ ਕਿ ਬੀਬੀ ਸੁਖਪਾਲ ਸਿੰਘ ਪਿੰਡ ਭੈਣੀ ਬਾਘਾ ਦੇ ਮਰਹੂਮ ਕਿਸਾਨ ਆਗੂ ਇੰਦਰ ਸਿੰਘ ਦੀ ਪੁੱਤਰੀ ਹੈ ਅਤੇ ਇਹ ਪਿੰਡ ਕੋਟ ਭਾਰਾ ਵਿਆਹੀ ਸੀ ਅਤੇ ਅੱਜ ਕੱਲ ਪਿੰਡ ਭੈਣੀ ਬਾਘਾ ਵਿਖੇ ਹੀ ਰਹਿੰਦੇ ਸਨ। ਇਸ ਦੇ ਇੱਕ ਬੇਟੀ ਅਤੇ ਇੱਕ ਬੇਟਾ ਹੈ, ਜਿਨ੍ਹਾਂ ਵਿਚੋਂ ਬੇਟੀ ਵਿਆਹੀ ਹੋਈ ਹੈ।
ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੀਬੀ ਸੁਖਪਾਲ ਕੌਰ ਦੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਦਸ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਸਰਕਾਰੀ ਅਤੇ ਪ੍ਰਾਈਵੇਟ ਕਰਜ਼ੇ ਨੂੰ ਮੁਆਫ਼ ਕੀਤਾ ਜਾਵੇ।