ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 13 ਅਗਸਤ
ਇਥੋਂ ਨੇੜਲੇ ਪਿੰਡ ਘਰਾਚੋਂ ਵਿਖੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਵਿੱਚੋਂ ਬਾਕੀ ਰਹਿ ਗਈ 8 ਏਕੜ ਜ਼ਮੀਨ ਦੀ ਬੋਲੀ ਅੱਜ ਰੱਖੀ ਗਈ ਸੀ ਪਰ ਪੰਚਾਇਤੀ ਅਧਿਕਾਰੀਆਂ ਵੱਲੋਂ ਰੱਖੀਆਂ ਸ਼ਰਤਾਂ ਅਨੁਸਾਰ ਦਲਿਤਾਂ ਵੱਲੋਂ ਬੋਲੀ ਨਾ ਦੇਣ ਕਾਰਣ ਇਹ ਬੋਲੀ ਮੁਲਤਵੀ ਕਰ ਦਿੱਤੀ ਗਈ। ਜ਼ਮੀਨ ਪ੍ਰਾਪਤੀ ਸ਼ੰਘਰਸ ਕਮੇਟੀ ਇਕਾਈ ਘਰਾਚੋਂ ਦੇ ਪ੍ਰਧਾਨ ਗੁਰਚਰਨ ਸਿੰਘ ਅਤੇ ਮਿੱਠੂ ਸਿੰਘ ਨੇ ਦੱਸਿਆ ਕਿ ਪਿੰਡ ਘਰਾਚੋਂ ਦੇ ਰਿਜ਼ਰਵ ਕੋਟੇ ਨੂੰ ਲੈ ਕੇ ਪਿਛਲੇ ਤਿੰਨ ਮਹੀਨੇ ਤੋ ਚੱਲ ਰਹੇ ਰੇੜਕੇ ਦੇ ਦਰਮਿਆਨ ਦਲਿਤ ਸੰਘਰਸ਼ ਸਦਕਾ 8 ਏਕੜ ਦੀ ਡੰਮੀ ਬੋਲੀ ਪ੍ਰਸ਼ਾਸਨ ਨੂੰ ਰੱਦ ਕਰਨੀ ਪਈ ਸੀ, ਜਿਸ ਦੀ ਬੋਲੀ ਅੱਜ ਦੁਬਾਰਾ ਰਵਿਦਾਸ ਧਰਮਸ਼ਾਲਾ ਵਿਖੇ ਰੱਖੀ ਗਈ ਸੀ। ਬੋਲੀ ਲਈ ਦਲਿਤ ਆਪਣੇ ਪਰਿਵਾਰਾਂ ਸਮੇਤ ਪਹੁੰਚ ਗਏ। ਇਸੇ ਦੌਰਾਨ ਉੱਥੇ ਡੰਮੀ ਬੋਲੀਕਾਰਾਂ ਵੱਲੋਂ ਦੁਬਾਰਾ ਬੋਲੀ ਵਿੱਚ ਵਿਘਨ ਪਾਉਣ ਅਤੇ ਅਮਨ ਕਾਨੂੰਨ ਭੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦਲਿਤਾਂ ਨੇ ਉਨ੍ਹਾਂ ਖ਼ਿਲਾਫ਼ ਡਟਕੇ ਆਵਾਜ਼ ਬੁਲੰਦ ਕੀਤੀ, ਜਿਸ ਕਾਰਨ ਪੁਲੀਸ ਪ੍ਰਸ਼ਾਸਨ ਵੱਲੋਂ ਡੰਮੀ ਬੋਲੀ ਕਾਰ ਨੂੰ ਬਾਹਰ ਕੱਢਿਆ ਗਿਆ। ਇਸ ਮੌਕੇ ਬੀਡੀਪੀਓ ਭਵਾਨੀਗੜ੍ਹ ਬਲਜੀਤ ਸਿੰਘ ਸੋਹੀ ਦੀ ਨਿਗਰਾਨੀ ਹੇਠ 8 ਏਕੜ ਜ਼ਮੀਨ ਦੀ ਬੋਲੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਪੰਚਾਇਤੀ ਵਿਭਾਗ ਵੱਲੋਂ ਇਸ ਸਾਲ ਠੇਕੇ ਤੇ ਚੜੀ ਜਮੀਨ ਦੇ ਰੇਟ ਅਨੁਸਾਰ ਬੋਲੀ ਸ਼ੁਰੂ ਕੀਤੀ, ਜਿਸ ’ਤੇ ਦਲਿਤਾਂ ਨੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਉਹ ਪਿਛਲੇ ਸਾਲ ਵਾਂਗ ਘੱਟ ਰੇਟ ’ਤੇ ਹੀ ਬੋਲੀ ਦੇਣਗੇ। ਇਸ ਉਪਰੰਤ ਪੰਚਾਇਤੀ ਅਧਿਕਾਰੀਆਂ ਨੇ ਬੋਲੀ ਮੁਲਤਵੀ ਕਰ ਦਿੱਤੀ। ਸੋਮਵਾਰ ਨੂੰ ਦੁਬਾਰਾ ਬੋਲੀ ਕੀਤੀ ਜਾਵੇਗੀ। ਇਸ ਮੌਕੇ ਜ਼ਮੀਨ ਪ੍ਰਾਪਤੀ ਸ਼ੰਘਰਸ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਮੱਘਰ ਸਿੰਘ, ਚਰਨਜੀਤ ਕੌਰ, ਗੁਰਚਰਨ ਸਿੰਘ ਕੌਰੀ, ਪ੍ਰਦੀਪ ਸਿੰਘ, ਪਰਗਟ ਸਿੰਘ ਅਤੇ ਮਿੱਠੂ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਦਲਿਤ ਹਾਜ਼ਰ ਸਨ।