ਚੰਡੀਗੜ੍ਹ (ਟਨਸ):
ਮੁੱਖ ਅੰਸ਼
- ਨਵਜੋਤ ਸਿੱਧੂ ਨੇ ਕਾਂਗਰਸ ਦੀ ਪ੍ਰਧਾਨਗੀ ਛੱਡਣ ਮਗਰੋਂ ਤੋੜੀ ਚੁੱਪ
- ਮਾਨ ਨੂੰ ਮੁੱਖ ਮੰਤਰੀ ਬਣਨ ’ਤੇ ਵਧਾਈ ਦਿੱਤੀ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਪ੍ਰਧਾਨਗੀ ਛੱਡਣ ਤੋਂ ਇੱਕ ਦਿਨ ਬਾਅਦ ਆਪਣੀ ਚੁੱਪ ਨੂੰ ਤੋੜਦਿਆਂ ਅੱਜ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ’ਤੇ ਵਧਾਈ ਦਿੱਤੀ ਹੈ, ਜਿਸ ਦੇ ਸਿਆਸੀ ਮਾਅਨੇ ਵੀ ਕੱਢੇ ਜਾਣ ਲੱਗੇ ਹਨ| ‘ਆਪ’ ਨੂੰ ਜਦੋਂ 10 ਮਾਰਚ ਨੂੰ ਲੋਕ ਫ਼ਤਵਾ ਮਿਲਿਆ ਸੀ ਤਾਂ ਉਦੋਂ ਵੀ ਨਵਜੋਤ ਸਿੱਧੂ ਨੇ ਉਤਸ਼ਾਹੀ ਰੌਂਅ ਵਿਚ ‘ਆਪ’ ਨੂੰ ਮੁਬਾਰਕਬਾਦ ਦਿੱਤੀ ਸੀ| ਸਿੱਧੂ ਨੇ ਕਿਹਾ ਹੈ ਕਿ ਭਗਵੰਤ ਮਾਨ ਤੋਂ ਪੰਜਾਬ ਲਈ ਉਮੀਦਾਂ ਹਨ। ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਟਵੀਟ ਕਰਕੇ ਕਿਹਾ ਹੈ, ‘‘ਸਭ ਤੋਂ ਖ਼ੁਸ਼ਕਿਸਮਤ ਇਨਸਾਨ ਉਹ ਹੈ ਜਿਸ ਤੋਂ ਕੋਈ ਆਸ ਨਹੀਂ ਰੱਖਦਾ| ਉਮੀਦਾਂ ਦੇ ਪਹਾੜ ਨਾਲ ਭਗਵੰਤ ਮਾਨ ਪੰਜਾਬ ਵਿੱਚ ਮਾਫ਼ੀਆ ਦੇ ਖ਼ਾਤਮੇ ਦੇ ਨਵੇਂ ਦੌਰ ਦੀ ਸ਼ੁਰੂਆਤ ਕਰਨਗੇ| ਉਮੀਦ ਹੈ ਕਿ ਇਸ ’ਤੇ ਖਰੇ ਉੱਤਰਨਗੇ ਅਤੇ ਲੋਕ ਪੱਖੀ ਨੀਤੀਆਂ ਦੇ ਨਾਲ ਪੰਜਾਬ ਨੂੰ ਪੁਨਰ ਸੁਰਜੀਤੀ ਦੇ ਰਾਹ ’ਤੇ ਲਿਜਾਣਗੇ| ਸਭ ਠੀਕ ਕਰੇ|’’ ਦੂਜੇ ਬੰਨ੍ਹੇ ਨਵਜੋਤ ਸਿੱਧੂ ਦੇ ਸਿਆਸੀ ਭਵਿੱਖ ਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਗਰਮ ਹੈ। ਸੀਨੀਅਰ ਕਾਂਗਰਸੀ ਆਗੂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲੈਣ ਲਈ ਜੋੜ ਤੋੜ ਲਾਉਣ ਲੱਗੇ ਹਨ ਜਦੋਂ ਕਿ ਨਵਜੋਤ ਸਿੱਧੂ ਪੰਜਾਬ ਦੀ ਨਵੀਂ ‘ਆਪ’ ਸਰਕਾਰ ਨੂੰ ਲੈ ਕੇ ਕਾਫ਼ੀ ਆਸਵੰਦ ਦਿੱਖ ਰਹੇ ਹਨ। ਨਵਜੋਤ ਸਿੱਧੂ ਦਾ ‘ਆਪ’ ਪ੍ਰਤੀ ਉਤਸ਼ਾਹੀ ਰੌਂਅ ਸਾਫ਼ ਝਲਕ ਰਿਹਾ ਹੈ। ਕੋਈ ਸਮਾਂ ਸੀ ਜਦੋਂ ਨਵਜੋਤ ਸਿੱਧੂ ਦੀ ਗੱਲ ‘ਆਪ’ ਵਿਚ ਬਣਦੀ ਬਣਦੀ ਰਹਿ ਗਈ ਸੀ ਅਤੇ ਆਖ਼ਰ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਬਤੌਰ ਪ੍ਰਧਾਨ ‘ਪੰਜਾਬ ਮਾਡਲ’ ਦੀ ਹਰ ਥਾਂ ਚਰਚਾ ਕੀਤੀ ਅਤੇ ਮਾਫ਼ੀਆ ਰਾਜ ਦੇ ਖ਼ਾਤਮੇ ਦੀ ਗੱਲ ਰੱਖੀ। ਟਕਸਾਲੀ ਕਾਂਗਰਸੀ ਨੇਤਾ ਆਖ ਰਹੇ ਹਨ ਕਿ ਨਵਜੋਤ ਸਿੱਧੂ ਵੀ ਕਾਂਗਰਸ ਦੀ ਚੋਣਾਂ ਵਿੱਚ ਹਾਰ ਲਈ ਓਨੇ ਹੀ ਜ਼ਿੰਮੇਵਾਰ ਹਨ ਜਿੰਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ। ਨਵਜੋਤ ਸਿੱਧੂ ਵੱਲੋਂ ਚੋਣਾਂ ਦੀ ਹਾਰ ਨੂੰ ਲੈ ਕੇ ਜ਼ਿੰਮੇਵਾਰੀ ਲੈਣ ਦੇ ਮਾਮਲੇ ’ਤੇ ਹਾਲੇ ਤੱਕ ਮੂੰਹ ਨਹੀਂ ਖੋਲ੍ਹਿਆ ਹੈ।
ਪੰਜਾਬ ਲੋਕ ਕਾਂਗਰਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਦਾ ਮੁੱਦਾ ਬਣਾਇਆ
ਪੰਜਾਬ ਲੋਕ ਕਾਂਗਰਸ ਨੇ ਅੱਜ ਟਵੀਟ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਨੂੰ ਉਤਾਰੇ ਜਾਣ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਨੂੰ ਮੁੱਖ ਮੰਤਰੀ ਦਫ਼ਤਰ ਵਿੱਚੋਂ ਉਤਾਰਿਆ ਜਾਣਾ ਸਵੀਕਾਰਨ ਯੋਗ ਨਹੀਂ ਹੈ। ਮਹਾਰਾਜਾ ਰਣਜੀਤ ਸਿੰਘ ਪੰਜਾਬੀਆਂ ਦੇ ਮਾਣ ਤੇ ਹੌਸਲੇ ਦਾ ਪ੍ਰਤੀਕ ਹਨ। ਕੋਈ ਵੀ ਉਨ੍ਹਾਂ ਦੀ ਥਾਂ ਨਹੀਂ ਲੈ ਸਕਦਾ। ਕਾਂਗਰਸ ਨੇ ਮੁੱਖ ਮੰਤਰੀ ਤੋਂ ਇਹ ਤਸਵੀਰ ਮੁੜ ਲਾਏ ਜਾਣ ਦੀ ਮੰਗ ਕੀਤੀ ਹੈ।