ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਨਵੰਬਰ
ਮੰਗਾਂ ਦੀ ਪੂਰਤੀ ਲਈ ਬਿਜਲੀ ਮੁਲਾਜ਼ਮ ਏਕਤਾ ਮੰਚ ਵੀ ਸੰਘਰਸ਼ ਵਿੱਚ ਕੁੱਦ ਪਿਆ ਹੈ। ਮੰਚ ਦੇ ਆਗੂਆਂ ਦੀ ਅੱਜ ਪਾਵਰਕੌਮ ਮੈਨੇਜਮੈਂਟ ਨਾਲ ਮੀਟਿੰਗ ਬੇਸਿੱਟਾ ਰਹੀ, ਜਿਸ ਮਗਰੋਂ ਮੰਚ ਦੀ ਲੀਡਰਸ਼ਿਪ ਨੇ 22 ਤੋਂ 26 ਨਵੰਬਰ ਤੱਕ ਸਮੂਹਿਕ ਛੁੱਟੀ ਲੈ ਕੇ ਅਦਾਰੇ ਦੇ ਪਟਿਆਲਾ ਮੁੱਖ ਦਫ਼ਤਰ ਸਮੇਤ ਪੰਜਾਬ ਭਰ ਵਿਚਲੇ ਸਮੂਹ ਬਿਜਲੀ ਦਫ਼ਤਰਾਂ ਦੇ ਗੇਟਾਂ ਅੱਗੇ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ। ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਸੀਐੱਮਡੀ ਏ.ਵੇਣੂ ਪ੍ਰਸਾਦ ਦੀ ਪ੍ਰਧਾਨਗੀ ਹੇਠਲੀ ਅੱਜ ਦੀ ਮੀਟਿੰਗ ਵਿੱਚ ਮੰਚ ਦੇ ਸੂਬਾਈ ਕਨਵੀਨਰ ਹਰਭਜਨ ਪਿਲਖਣੀ, ਮਨਜੀਤ ਚਾਹਲ, ਨਰਿੰਦਰ ਸੈਣੀ, ਸੁਰਿੰਦਰਪਾਲ ਲਾਹੌਰੀਆ, ਅਵਤਾਰ ਸ਼ੇਰਗਿੱਲ ਅਤੇ ਗੁਰਵੇਲ ਬਲਪੁਰੀਆ ਸ਼ਾਮਲ ਹੋਏ, ਜਿਸ ਵਿੱਚ ਮੈਨੇਜਮੈਂਟ ਦੇ ਅਧਿਕਾਰੀ ਵੀ ਸ਼ਾਮਲ ਰਹੇ ਪਰ ਇਸ ਦੌਰਾਨ ਮੁਲਾਜ਼ਮ ਮੰਗਾਂ ’ਤੇ ਸਹਿਮਤੀ ਨਾ ਬਣਨ ਕਾਰਨ ਮੰਚ ਨੇ 22 ਨਵੰਬਰ ਤੋਂ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਕਰ ਰਹੇ ਬਿਜਲੀ ਮੁਲਾਜ਼ਮਾਂ ਦੀਆਂ ਬਹੁਤੀਆਂ ਮੰਗਾਂ ਭਾਵੇਂ ਸਾਂਝੀਆਂ ਹਨ ਪਰ ਮੰਚ ਵੱਲੋਂ ਅੱਜ ਐਲਾਨਿਆ ਗਿਆ ਸੰਘਰਸ਼ ਵੱਖਰੇ ਤੌਰ ’ਤੇ ਹੀ ਕੀਤਾ ਜਾਵੇਗਾ। ਜੁਆਇੰਟ ਫੋਰਮ ਦੇ ਕਨਵੀਨਰ ਕੁਲਦੀਪ ਖੰਨਾ ਨੇ ਦੱਸਿਆ ਉਨ੍ਹਾਂ ਦੀਆਂ ਮੰਗਾਂ ਵਿੱਚ 1-12-2011 ਤੋਂ ਪੇ ਬੈਂਡ ਵਿੱਚ ਵਾਧਾ, 23 ਸਾਲਾਂ ਦੀ ਸੇਵਾ ਮਗਰੋਂ ਤਰੱਕੀ ਵਾਧੇ, ਕੱਚੇ ਮੁਲਾਜਮ ਪੱਕੇ ਕਰਨ, ਮਿ੍ਰਤਕਾਂ ਦੇ ਆਸ਼ਰਿਤਾਂ ਨੂੰ ਨੌਕਰੀ, ਕਲੈਰੀਕਲ ਤੇ ਟੈਕਨੀਕਲ ਕਾਮਿਆਂ ਦੀ ਤਰੱਕੀ, ਸਬ-ਸਟੇਸ਼ਨ ਸਟਾਫ ਨੂੰ ਓਵਰਟਾਈਮ ਤੇ ਤਰੱਕੀਆਂ, ਥਰਮਲ ਹਾਈਡਲ ਦੇ ਕਾਮਿਆਂ ਦੀਆਂ ਮੰਗਾਂ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਮੁਲਾਜ਼ਮਾਂ ਦਾ ਪ੍ਰੋਬੇਸ਼ਨ ਪੀਰੀਅਡ ਖਤਮ ਕਰਨ ਸਮੇਤ 22 ਨੁਕਾਤੀ ਮੰਗਾਂ ਸ਼ਾਮਲ ਹਨ।
ਜੁਆਇੰਟ ਫੋਰਮ ਦੀ ਦੂਜੇ ਦੌਰ ਦੀ ਮੀਟਿੰਗ ਵੀ ਬੇਸਿੱਟਾ
ਪੀਐੱਸਈਬੀ ਐਂਪਲਾਇਜ਼ ਜੁਆਇੰਟ ਫੋਰਮ ਅਤੇ ਪਾਵਰਕੌਮ ਮੈਨੇਜਮੈਂਟ ਵਿਚਕਾਰ ਅੱਜ ਹੋਈ ਦੂਜੇ ਦੌਰ ਦੀ ਮੀਟਿੰਗ ਵੀ ਬੇਸਿੱਟਾ ਰਹੀ। ਇਸ ਕਾਰਨ ਫੋਰਮ ਦੇ ਸੱਦੇ ’ਤੇ ਸੰਘਰਸ਼ ਵਿੱਚ ਕੁੱਦੀਆਂ ਇੱਕ ਦਰਜਨ ਤੋਂ ਵੱਧ ਜਥੇਬੰਦੀਆਂ ਨਾਲ ਸਬੰਧਤ ਬਿਜਲੀ ਮੁਲਾਜ਼ਮਾਂ ਦਾ ਸੰਘਰਸ਼ ਜਾਰੀ ਰਹੇਗਾ। ਫੋਰਮ ਦੀ ਅਗਵਾਈ ਹੇਠਲੇੇ ਮੁਲਾਜ਼ਮ 15 ਤੋਂ 26 ਨਵੰਬਰ ਤੱਕ ਸਮੂਹਿਕ ਛੁੱਟੀ ਲੈ ਕੇ ਪਾਵਰਕੌਮ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਸਮੇਤ ਪੰਜਾਬ ਭਰ ਵਿੱਚ ਧਰਨੇ ਮੁਜ਼ਾਹਰੇ ਕਰ ਰਹੇ ਹਨ। ਫੋਰਮ ਦੇ ਆਗੂ ਕਰਮਚੰਦ ਭਾਰਦਵਾਜ ਨੇ ਦੱਸਿਆ ਕਿ ਅੱੱਜ ਦੀ ਮੀਟਿੰਗ ’ਚ ਮੈਨੇਜਮੈਂਟ ਅਧਿਕਾਰੀਆਂ ਤੋਂ ਇਲਾਵਾ ਜਥੇਬੰਦੀ ਵੱਲੋਂ ਕੁਲਦੀਪ ਸਿੰਘ, ਸਿਕੰਦਰ ਨਾਥ, ਬਲਦੇਵ ਸਿੰਘ ਮੰਢਾਲੀ, ਹਰਪਾਲ ਸਿੰਘ, ਕੌਰ ਸਿੰਘ, ਅਵਤਾਰ ਸਿੰਘ, ਜਗਰੂਪ ਸਿੰਘ ਅਤੇ ਜਗਜੀਤ ਸਿੰਘ ਵੀ ਸ਼ਾਮਲ ਹੋਏ। ਭਾਰਦਵਾਜ ਨੇ ਛੁੱਟੀ ਵਧਾਏ ਜਾਣ ਦੇ ਸੰਕੇਤ ਵੀ ਦਿੱਤੇ।