ਜਗਮੋਹਨ ਸਿੰਘ
ਰੂਪਨਗਰ, 3 ਜੁਲਾਈ
ਰੂਪਨਗਰ ਜ਼ਿਲ੍ਹੇ ਦੇ ਪਿੰਡ ਬਿੰਦਰਖ ਦੇ ਵਸਨੀਕਾਂ ਨੇ ਕਰੱਸ਼ਰ ਮਾਲਕਾਂ ’ਤੇ ਖਿਜ਼ਰਾਬਾਦ ਵੱਲ ਜਾਂਦੀ ਲਿੰਕ ਸੜਕ ’ਤੇ ਪੈਂਦੀ ਬਰਸਾਤੀ ਪੁਲੀ ਬੰਦ ਕੀਤੇ ਜਾਣ ਦਾ ਦੋਸ਼ ਲਗਾਇਆ ਹੈ।
ਪਿੰਡ ਬਿੰਦਰਖ ਦੇ ਗੁਰਦੁਆਰਾ ਧੰਨ ਧੰਨ ਬਾਬਾ ਅਮਰ ਨਾਥ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ, ਅਵਤਾਰ ਸਿੰਘ ਪੱਪੀ, ਕਿਸਾਨ ਆਗੂ ਭੁਪਿੰਦਰ ਸਿੰਘ, ਕਰਮ ਸਿੰਘ ਪੰਚ, ਕੁਲਦੀਪ ਸਿੰਘ, ਜਰਨੈਲ ਸਿੰਘ, ਮਨਦੀਪ ਸਿੰਘ ਪੁਰਖਾਲੀ ਆਦਿ ਨੇ ਦੱਸਿਆ ਕਿ ਪਿੰਡ ਬਿੰਦਰਖ ਤੋਂ ਖਿਜ਼ਰਾਬਾਦ ਨੂੰ ਜਾਂਦੀ ਲਿੰਕ ਸੜਕ ’ਤੇ ਬਰਸਾਤੀ ਪਾਣੀ ਦੇ ਨਿਕਾਸ ਲਈ ਪੁਲੀ ਬਣੀ ਹੋਈ ਸੀ, ਜਿਸ ਦੇ ਨੇੜੇ ਕੁੱਝ ਕਰੱਸ਼ਰ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕਰੱਸ਼ਰ ਮਾਲਕ ਕਾਫੀ ਸਾਲਾਂ ਤੋਂ ਆਪਣੇ ਕਰੱਸ਼ਰਾਂ ਦਾ ਵਾਧੂ ਤੇ ਗੰਦਾ ਪਾਣੀ ਇਸ ਪੁਲੀ ਵੱਲ ਸੁੱਟ ਰਹੇ ਸਨ। ਗੰਦੇ ਪਾਣੀ ਦੀ ਗਾਦ ਕਾਰਨ ਇਸ ਪੁਲੀ ਹੇਠਾਂ ਮਿੱਟੀ ਜਮਦੀ ਗਈ ਤੇ ਪੁਲੀ ਥੱਲਿਓਂ ਪਾਣੀ ਦਾ ਨਿਕਾਸ ਹੋਣਾ ਬੰਦ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਪੁਲੀ ’ਚੋਂ ਪਾਣੀ ਦਾ ਨਿਕਾਸ ਰੁਕਣ ਕਾਰਨ ਬਰਸਾਤ ਦੇ ਦਿਨਾਂ ਵਿੱਚ ਚੋਏ ਰਾਹੀਂ ਆਇਆ ਪਾਣੀ ਸਟੋਨ ਕਰੱਸ਼ਰ ਦੇ ਉੱਪਰ ਵਾਲੇ ਪਾਸੇ ਤੋਂ ਘੁੰਮ ਕੇ ਆਉਣ ਉਪਰੰਤ ਇਸ ਸੜਕ ’ਤੇ ਐਨਾ ਜ਼ਿਆਦਾ ਪਾਣੀ ਖੜ੍ਹਾ ਹੋ ਜਾਂਦਾ ਹੈ ਕਿ ਇਸ ਸੜਕ ’ਤੇ ਆਵਾਜਾਈ ਠੱਪ ਹੋ ਕੇ ਰਹਿ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸੜਕ ’ਤੇ ਪੈਂਦੀ ਪੁਲੀ ਦੀ ਖਸਤਾ ਹਾਲਤ ਦਿਖਾਉਣ ਲਈ ਪੱਤਰਕਾਰਾਂ ਨੂੰ ਸੱਦਿਆ ਗਿਆ ਸੀ, ਪਰ ਕਰੱਸ਼ਰ ਮਾਲਕ ਨੇ ਪੱਤਰਕਾਰਾਂ ਦੇ ਪੁੱਜਣ ਤੋਂ ਪਹਿਲਾਂ ਹੀ ਪੁਲੀ ’ਤੇ ਮਿੱਟੀ ਅਤੇ ਗਟਕਾ ਪਾ ਕੇ ਪੁਲੀ ਦੀ ਹੋਂਦ ਖ਼ਤਮ ਕਰ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਇੱਥੇ ਪਹਿਲਾਂ ਦੀ ਤਰ੍ਹਾਂ ਪੁਲੀ ਬਣਾ ਕੇ ਚੋਏ ਦਾ ਬਰਸਾਤੀ ਪਾਣੀ ਪੁਲੀ ਹੇਠਿਓਂ ਲੰਘਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਹਫਤੇ ’ਚ ਦਫਤਰ ਅੱਗੇ ਧਰਨਾ ਦੇਣਗੇ।
ਕੀ ਕਹਿੰਦੇ ਨੇ ਅਧਿਕਾਰੀ
ਸਬੰਧਤ ਵਿਭਾਗ ਦੇ ਐਕਸੀਅਨ ਸ਼ਿਵਪ੍ਰੀਤ ਸਿੰਘ ਨੇ ਕਿਹਾ ਕਿ ਮੌਕੇ ’ਤੇ ਟੀਮ ਭੇਜ ਕੇ ਜਾਂਚ ਕਰਵਾਈ ਜਾਵੇਗੀ ਅਤੇ ਕਸੂਰਵਾਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।