ਹਰਜੀਤ ਸਿੰਘ
ਡੇਰਾਬੱਸੀ, 22 ਜਨਵਰੀ
ਹਰਿਆਣਾ ਦੀ ਹੱਦ ’ਤੇ ਪੈਂਦੇ ਪਿੰਡ ਬੇਹੜਾ ਵਿੱਚ ਦੋ ਪੋਲਟਰੀ ਫਾਰਮਾਂ ਵਿੱਚ ਬਰਡ ਫਲੂ ਦੀ ਲਪੇਟ ’ਚ ਆਈ ਮੁਰਗੀਆਂ ਨੂੰ ਮਾਰਨ ਦੀ ਕਾਰਵਾਈ ਪ੍ਰਸ਼ਾਸਨ ਨੇ ਸ਼ੁਰੂ ਕਰ ਦਿੱਤੀ ਹੈ। ਇਥੋਂ ਦੇ ਦੋ ਪੋਲਟਰੀ ਫਾਰਮਾਂ ’ਚ ਬਰਡ ਫਲੂ ਦੀ ਪੁਸ਼ਟੀ ਹੋਈ ਸੀ। ਪ੍ਰਸ਼ਾਸਨ ਵਲੋਂ ਇਸ ਵਾਇਰਸ ਨੂੰ ਰੋਕਣ ਲਈ ਦੋਵਾਂ ਪੋਲਟਰੀ ਫਾਰਮਾਂ ਵਿੱਚ ਮੌਜੂਦ 50 ਹਜ਼ਾਰ ਤੋਂ ਵੱਧ ਮੁਰਗੀਆਂ ਨੂੰ ਮਾਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਲਈ 25 ਟੀਮਾਂ ਦਾ ਗਠਨ ਕੀਤਾ ਗਿਆ ਹੈ। ਹਰੇਕ ਟੀਮ ਵਿਚ ਪੰਜ ਮੈਂਬਰ ਸ਼ਾਮਲ ਹਨ। ਬਰਡ ਫਲੂ ਦੀ ਲਪੇਟ ਵਿੱਚ ਆਏ ਦੋਵਾਂ ਪੋਲਟਰੀ ਫਾਰਮਾਂ ਵਿਚ ਅਲਫ਼ਾ ਅਤੇ ਰੌਇਲ ਪੋਲਟਰੀ ਫਾਰਮ ਸ਼ਾਮਲ ਹਨ। ਇਸ ਮੌਕੇ ਪੁਲੀਸ ਪਾਰਟੀ ਤੋਂ ਇਲਾਵਾ ਪ੍ਰਸ਼ਾਸਨ ਦੇ ਆਲ੍ਹਾ ਅਧਿਕਾਰੀ ਵੀ ਮੌਕੇ ’ਤੇ ਮੌਜੂਦ ਹਨ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਇਹਤਿਆਤ ਵਰਤਦੇ ਹੋਏ ਸਾਰਾ ਖੇਤਰ ਸੀਲ ਕੀਤਾ ਹੋਇਆ ਹੈ।
ਪੋਲਟਰੀ ਫਾਰਮ ਵਿਚ ਮੁਰਗੀਆਂ ਮਾਰਨ ਲਈ ਪਹੁੰਚੀ ਟੀਮ। -ਫੋਟੋ: ਰੂਬਲ