ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਸਤੰਬਰ
ਬੀਬੀਐੱਮਬੀ ਮੁੱਦੇ ’ਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਕੱਲ੍ਹ ‘ਆਪ’ ਸਰਕਾਰ ਬਾਰੇ ਕੀਤੀ ਗਈ ਟਿੱਪਣੀ ’ਤੇ ਪ੍ਰਤੀਕਿਰਿਆ ਦਿੰਦਿਆਂ ਅੱਜ ਲੁਧਿਆਣਾ ਆਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਲੋਕ ਸਭਾ ਮੈਂਬਰ ਬਿੱਟੂ ਪਹਿਲਾਂ ਆਪਣਾ ਪੱਖ ਸਪੱਸ਼ਟ ਕਰਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦਾ ਪੱਖ ਸਪਸ਼ੱਟ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਵਿੱਚ ਪੰਜਾਬ ਦਾ ਮੈਂਬਰ ਹਰ ਹਾਲ ’ਚ ਹੋਣਾ ਚਾਹੀਦਾ ਹੈ। ਉਨ੍ਹਾਂ ਸ੍ਰੀ ਬਿੱਟੂ ਨੂੰ ਸਲਾਹ ਦਿੱਤੀ ਕਿ ‘ਆਪ’ ਸਰਕਾਰ ’ਤੇ ਸਵਾਲ ਚੁੱਕਣ ਦੀ ਥਾਂ ਪਹਿਲਾਂ ਉਹ ਰਾਜਸਥਾਨ ਜਾ ਕੇ ਆਪਣੀ ਪਾਰਟੀ ਦਾ ਅੰਦਰੂਨੀ ਕਲੇਸ਼ ਮੁਕਾਉਣ ਵੱਲ ਧਿਆਨ ਦੇਣ। ਸ੍ਰੀ ਧਾਲੀਵਾਲ ਨੇ ਕਿਹਾ ਕਿ ਬੀਬੀਐੱਮਬੀ ’ਚ ਲਾਜ਼ਮੀ ਤੌਰ ’ਤੇ ਸਾਡਾ ਹੱਕ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਇਸ ਸਬੰਧ ਵਿੱਚ ਕੁਝ ਨਹੀਂ ਸੀ ਕੀਤਾ, ਪਰ ਅਸੀਂ ਇਹ ਮੰਗ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਕੱਲ੍ਹ ਲੋਕ ਸਭਾ ਮੈਂਬਰ ਬਿੱਟੂ ਨੇ ਕਿਹਾ ਸੀ ਕਿ ‘ਆਪ’ ਸਰਕਾਰ ਦਾ ਪੱਖ ਸਪੱਸ਼ਟ ਨਾ ਹੋਣ ਕਾਰਨ ਬੀਬੀਐੱਮਬੀ ਦਾ ਕਰਤਾ-ਧਰਤਾ ਸਿਰਫ਼ ਕੇਂਦਰ ਹੀ ਰਹਿ ਗਿਆ ਹੈ। ਪੰਜਾਬ ਹੁਣ ਪਾਣੀ ਤੋਂ ਵੀ ਹੱਥ ਧੋ ਬੈਠੇਗਾ। ਲੋਕ ਸਭਾ ਮੈਂਬਰ ਬਿੱਟੂ ਦੇ ਇਸ ਬਿਆਨ ਬਾਰੇ ਸ੍ਰੀ ਧਾਲੀਵਾਲ ਦੀ ਰਾਏ ਪੁੱਛਣ ’ਤੇ ਉਨ੍ਹਾਂ ਸ੍ਰੀ ਬਿੱਟੂ ਨੂੰ ਸਲਾਹ ਦਿੱਤੀ ਕਿ ਰਾਜਸਥਾਨ ਵਿੱਚ ਕਾਂਗਰਸ ਦਾ ਬੁਰਾ ਹਾਲ ਹੈ, ਪਹਿਲਾਂ ਸ੍ਰੀ ਬਿੱਟੂ ਉਥੇ ਜਾ ਕੇ ਆਪਣੀ ਪਾਰਟੀ ਨੂੰ ਬਚਾਉਣ ਕਿਉਂਕਿ ਕਾਂਗਰਸ ਦਾ ਕੰਮ ਪੂਰੇ ਦੇਸ਼ ’ਚ ਖ਼ਤਮ ਹੋ ਗਿਆ ਹੈ।