ਪਾਲ ਸਿੰਘ ਨੌਲੀ
ਜਲੰਧਰ, 3 ਅਪਰੈਲ
ਦੇਸ਼ ਭਗਤ ਯਾਦਗਾਰ ਹਾਲ ਵਿੱਚ ਅੱਜ ਕਰਵਾਈ ਗਈ ਕਨਵੈਨਸ਼ਨ ਮੌਕੇ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਦੀ ਅਗਵਾਈ ਹੇਠ ਵੱਖ-ਵੱਖ ਜਨਤਕ ਜਥੇਬੰਦੀਆਂ ਨੇ ਦੋ ਸਾਲ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੀ ਗਈ ‘ਨਵੀਂ ਸਿੱਖਿਆ ਨੀਤੀ’ ਨੂੰ ਹਾਕਮਾਂ ਦਾ ਫਾਸ਼ੀਵਾਦੀ ਹਮਲਾ ਦੱਸਿਆ ਹੈ। ਬੁਲਾਰਿਆਂ ਨੇ ਇਕਸੁਰ ਹੁੰਦਿਆਂ ਕਿਹਾ ਕਿ ਇਸ ਸਿੱਖਿਆ ਨੀਤੀ ਨਾਲ ਦੇਸ਼ ਨੂੰ ਭਗਵੇਂ ਰੰਗ ਵਿੱਚ ਰੰਗਣ ਲਈ ਤੇਜ਼ੀ ਲਿਆਂਦੀ ਜਾ ਰਹੀ ਹੈ, ਜਿਸ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਲੋੜ ਹੈ।
ਕਨਵੈਨਸ਼ਨ ਦੇ ਮੁੱਖ ਬੁਲਾਰੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ‘ਨਵੀਂ ਸਿੱਖਿਆ ਨੀਤੀ-2020’ ਰਾਹੀਂ ਸਿੱਖਿਆ ਦਾ ਜਿੱਥੇ ਨਿੱਜੀਕਰਨ ਤੇ ਵਪਾਰੀਕਰਨ ਕੀਤੀ ਜਾ ਰਿਹਾ ਹੈ, ਉਥੇ ਹੀ ਦੇਸ਼ ਨੂੰ ਇੱਕੋ ਰੰਗ ਵਿੱਚ ਰੰਗਣ ਦੀਆਂ ਤਿਆਰੀਆਂ ਵੀ ਤੇਜ਼ ਕਰ ਦਿੱਤੀਆਂ ਗਈਆਂ ਹਨ। ਵੱਡੇ ਵਿਦਿਆਕ ਅਦਾਰਿਆਂ ਵਿੱਚ ਆਰਐੱਸਐੱਸ ਦੀ ਵਿਚਾਰਧਾਰਾ ਬੜੀ ਤੇਜ਼ੀ ਨਾਲ ਅੱਗੇ ਵਧਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਾਡੇ ਦੇਸ਼ ਦਾ ਸਿੱਖਿਆ ਪ੍ਰਬੰਧ ਪਹਿਲਾਂ ਹੀ ਗਰੀਬ ਅਤੇ ਮੱਧ ਵਰਗ ਦੇ ਬੱਚਿਆਂ ਨੂੰ ਸਿੱਖਿਆ ਦੇਣ ਤੋਂ ਅਸਮਰਥ ਹੈ ਪਰ ਇਸ ਨੀਤੀ ਨਾਲ ਇਨ੍ਹਾਂ ਵਰਗਾਂ ਦੇ ਬੱਚੇ ਮੁੱਢਲੀ ਸਿੱਖਿਆ ਲੈਣ ਤੋਂ ਵੀ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਸਾਡਾ ਸਿੱਖਿਆ ਪ੍ਰਬੰਧ ਦੋਹਰੀ ਸਿੱਖਿਆ ਪ੍ਰਣਾਲੀ ਨੂੰ ਪ੍ਰਣਾਇਆ ਹੋਇਆ ਹੈ। ਅਮੀਰ ਅਤੇ ਗਰੀਬ ਵਰਗ ਲਈ ਅਲੱਗ-ਅਲੱਗ ਵਿਦਿਅਕ ਸੰਸਥਾਵਾਂ ਹਨ, ਜਿਸ ਕਰਕੇ ਸਾਡੇ ਦੇਸ਼ ਵਿੱਚ ਊਚ-ਨੀਚ ਅਤੇ ਜਾਤ ਪਾਤ ਦਾ ਰੂੜੀਵਾਦੀ ਪ੍ਰਬੰਧ ਅੱਜ ਵੀ ਕਾਇਮ ਹੈ।
ਆਗੂਆਂ ਕਿਹਾ ਕਿ ਭਾਜਪਾ/ਆਰਐੱਸਐੱਸ ਕਾਰਪੋਰੇਟ ਘਰਾਣੇ ਅਤੇ ਮਨੂੰਸਮ੍ਰਿਤੀ (ਪਿਛਾਖੜੀ ਸੋਚ) ਦੋ ਥੰਮਾਂ ’ਤੇ ਖੜ੍ਹੀ ਹੈ। ਇਸੇ ਆਧਾਰ ’ਤੇ ‘ਨਵੀਂ ਸਿੱਖਿਆ ਨੀਤੀ-2020’ ਲਿਆਂਦੀ ਗਈ ਹੈ। ਇਹ ਨਵੀਂ ਨੀਤੀ ਗਰੀਬਾਂ, ਖ਼ਾਸ ਕਰ ਕੇ ਦਲਿਤ ਵਰਗ ਕੋਲੋਂ ਵਿੱਦਿਆ ਖੋਹ ਲਵੇਗੀ। ਇੱਕ ਤਰ੍ਹਾਂ ਦੇਸ਼ ਵਿੱਚ ਕਾਨੂੰਨ ਦੀ ਥਾਂ ਮੰਨੂਸਮ੍ਰਿਤੀ ਲਾਗੂ ਕੀਤੀ ਜਾ ਰਹੀ ਹੈ। ਇਹ ਨੀਤੀ ਲਾਗੂ ਕਰਦਿਆਂ ਇਤਿਹਾਸ ਬਦਲਿਆ ਜਾ ਰਿਹਾ ਹੈ। ਵਿਦਿਆਰਥੀਆਂ ਕੋਲੋਂ ਨਾਜਾਇਜ਼ ਅਤੇ ਵੱਧ ਫੀਸਾਂ ਭਰਾਈਆਂ ਜਾ ਰਹੀਆਂ ਹਨ। ਇਸ ਮੌਕੇ ਡੈਮੋਕ੍ਰੈਟਿਕ ਟੀਚਰਜ਼ ਯੂਨੀਅਨ ਦੇ ਸੂਬਾ ਆਗੂ ਕੁਲਵਿੰਦਰ ਸਿੰਘ ਜੋਸਨ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਸੂਬਾਈ ਆਗੂ ਤੀਰਥ ਸਿੰਘ ਬਾਸੀ , ਗੁਰਮੀਤ ਸਿੰਘ ਕੋਟਲੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਰਜੀਤ ਕੌਰ, ਕੁਲ ਹਿੰਦ ਕਿਸਾਨ ਯੂਨੀਅਨ ਦੇ ਵੀਰ ਕੁਮਾਰ ਸਮੇਤ ਹੋਰਾਂ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਨੌਜਵਾਨ ਭਾਰਤ ਸਭਾ ਦੇ ਆਗੂ ਜਸਕਰਨ ਆਜ਼ਾਦ ਨੇ ਚਲਾਈ।