ਗਗਨਦੀਪ ਅਰੋੜਾ
ਲੁਧਿਆਣਾ, 2 ਅਕਤੂਬਰ
ਇਥੋਂ ਦੇ ਭਾਜਪਾ ਆਗੂ ਅੱਜ ਕਾਂਗਰਸ ਦਫ਼ਤਰ ਘੇਰਨ ਪੁੱਜੇ ਜਿੱਥੇ ਭਾਜਪਾ ਆਗੂਆਂ ਦੀ ਪਹਿਲਾਂ ਕਾਂਗਰਸੀਆਂ ਤੇ ਬਾਅਦ ’ਚ ਪੁਲੀਸ ਅਧਿਕਾਰੀਆਂ ਨਾਲ ਝੜਪ ਹੋਈ। ਭਾਜਪਾ ਆਗੂਆਂ ਨੇ ਕਾਂਗਰਸ ਦਫ਼ਤਰ ਵੱਲ ਚੂੜੀਆਂ ਵੀ ਸੁੱਟੀਆਂ।
ਭਾਜਪਾ ਵਰਕਰ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਦੀ ਅਗਵਾਈ ਵਿਚ ਇਕੱਠੇ ਹੋਏ ਤੇ ਸਵੇਰੇ 11 ਵਜੇ ਕਾਂਗਰਸ ਦਫ਼ਤਰ ਪੁੱਜੇ ਜਿੱਥੇ ਵੱਡੀ ਗਿਣਤੀ ਭਾਜਪਾ ਆਗੂ ਤੇ ਮਹਿਲਾ ਆਗੂ ਧਰਨੇ ’ਤੇ ਬੈਠੇ ਤੇ ਕਾਂਗਰਸ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪੁਲੀਸ ਨੇ ਪਹਿਲਾਂ ਹੀ ਕਾਂਗਰਸ ਦਫ਼ਤਰ ਵੱਲ ਜਾਣ ਵਾਲੀ ਗਲੀ ਬਾਹਰ ਨਾਕਾਬੰਦੀ ਕੀਤੀ ਹੋਈ ਸੀ। ਪੁਲੀਸ ਪਹਿਰੇ ਕਾਰਨ ਭਾਜਪਾ ਆਗੂਆਂ ਨੇ ਮੁੱਖ ਸੜਕ ’ਤੇ ਬੈਠ ਕੇ ਨਾਅਰੇਬਾਜ਼ੀ ਕੀਤੀ। ਭਾਜਪਾ ਆਗੂਆਂ ਨੇ ਕੈਪਟਨ ਸਰਕਾਰ ਅਤੇ ਪੁਲੀਸ ਖਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਨੇ ਕਿਹਾ ਕਿ ਕਾਂਗਰਸ ਦੇ ਸੱਤਾ ’ਚ ਆਉਣ ਤੋਂ ਬਾਅਦ ਸੂਬੇ ’ਚ ਸ਼ਰਾਬ, ਰੇਤ ਮਾਫ਼ੀਆ, ਲੁੱਟ-ਖੋਹ, ਕਤਲ ਤੇ ਬਲਾਤਕਾਰ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਧਿਕਾਰੀ ਕਾਂਗਰਸੀ ਆਗੂਆਂ ਅਨੁਸਾਰ ਚੱਲ ਰਹੇ ਹਨ। ਹੁਣ ਕਾਂਗਰਸੀ ਆਪਣੀ ਨਾਕਾਮੀਆਂ ਨੂੰ ਛੁਪਾਉਣ ਲਈ ਵਿਰੋਧੀ ਪਾਰਟੀ ਦੇ ਵਰਕਰਾਂ ਨੂੰ ਡਰਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਕੋ ਸਮੇਂ ਲੁਧਿਆਣਾ ਤੇ ਅੰਮ੍ਰਿਤਸਰ ਭਾਜਪਾ ਦਫ਼ਤਰ ’ਚ ਕਾਂਗਰਸੀਆਂ ਵੱਲੋਂ ਹਮਲਾ ਹੋਣਾ ਇਹ ਦਰਸਾਉਂਦਾ ਹੈ ਕਿ ਸਭ ਕੁਝ ਪਹਿਲਾਂ ਤੋਂ ਹੀ ਤੈਅ ਸੀ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਤੇ ਹੋਰ ਰਾਜਸੀ ਪਾਰਟੀਆਂ ਵੱਲੋਂ ਖੇਤੀ ਕਾਨੂੰਨ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਜਦਕਿ ਭਾਜਪਾ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨਾ ਚਾਹੁੰਦੀ ਹੈ। ਉਨ੍ਹਾਂ ਘੱਟੋ ਘੱਟ ਸਮਰਥਨ ਮੁੱਲ ਬਾਰੇ ਗਲਤ ਪ੍ਰਚਾਰ ਕਰਨ ਦੇ ਦੋਸ਼ ਵੀ ਲਾਏ।
ਇਸ ਮੌਕੇ ਭਾਜਪਾ ਦੇ ਸਾਬਕਾ ਪ੍ਰਧਾਨ ਪ੍ਰੋ. ਰਾਜਿੰਦਰ ਭੰਡਾਰੀ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਸੂਬੇ ਦੇ ਉਪ ਪ੍ਰਧਾਨ ਪ੍ਰਵੀਨ ਬਾਂਸਲ, ਬੁਲਾਰਾ ਅਨਿਲ ਸਰੀਨ, ਉਪ ਪ੍ਰਧਾਨ ਗੁਰਦੇਵ ਸ਼ਰਮਾ ਦੇਬੀ, ਐਸ.ਸੀ. ਮੋਰਚਾ ਪੰਜਾਬ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ, ਜ਼ਿਲ੍ਹਾ ਪ੍ਰਧਾਨ ਮਹੇਸ਼ ਦੱਤ ਸ਼ਰਮਾ ਆਦਿ ਮੌਜੂਦ ਸਨ।