ਸਰਬਜੀਤ ਸਿੰਘ ਭੰਗੂ/ਹਰਦੀਪ ਸਿੰਘ ਭੰਗੂ
ਪਟਿਆਲਾ/ਭਾਦਸੋਂ, 1 ਅਪਰੈਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਢਾਈ ਦਹਾਕੇ ਤੱਕ ਪ੍ਰਧਾਨ ਰਹਿ ਕੇ ਨਿਵੇਕਲਾ ਇਤਿਹਾਸ ਸਿਰਜਣ ਵਾਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 18ਵੀਂ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਟੌਹੜਾ ਵਿੱਚ ਰੱਖੇ ਸਮਾਗਮ ਦੌਰਾਨ ਭਾਜਪਾ ਦਾ ਹੀ ਬੋਲਬਾਲਾ ਰਿਹਾ। ਅਕਾਲੀ-ਭਾਜਪਾ ਗੱਠਜੋੜ ਟੁੱਟਣ ਮਗਰੋਂ ਜਥੇਦਾਰ ਟੌਹੜਾ ਦਾ ਇਹ ਪਲੇਠਾ ਬਰਸੀ ਸਮਾਗਮ ਸੀ। ਟੌਹੜਾ ਪਰਿਵਾਰ ਵੱਲੋਂ ਕਰਵਾਏ ਗਏ ਇਸ ਸਾਲਾਨਾ ਸਮਾਗਮ ’ਚ ਐਤਕੀਂ ਕੇਂਦਰੀ ਕੈਬਨਿਟ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਹੀ ਮੁੱਖ ਬੁਲਾਰੇ ਰਹੇ। ਸਮਾਗਮ ਦੀ ਅਗਵਾਈ ਟੌਹੜਾ ਦੇ ਦਾਮਾਦ ਹਰਮੇਲ ਟੌਹੜਾ, ਧੀ ਕੁਲਦੀਪ ਕੌਰ ਟੌਹੜਾ ਅਤੇ ਦੋਹਤਿਆਂ ਹਰਿੰਦਰਪਾਲ ਟੌਹੜਾ ਤੇ ਕੰਵਰਬੀਰ ਟੌਹੜਾ ਨੇ ਕੀਤੀ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸ਼ਰਧਾਂਜਲੀ ਭੇਟ ਕਰਦਿਆਂ ਮਰਹੂਮ ਟੌਹੜਾ ਨੂੰ ਲੋਕ ਹਿੱਤਾਂ ਦਾ ਪਹਿਰੇਦਾਰ ਦੱਸਿਆ। ਉਨ੍ਹਾਂ ਕਿਹਾ ਕਿ ਸ੍ਰੀ ਟੌਹੜਾ ਲੋਕਾਂ ਦੇ ਚੁੱਲ੍ਹਿਆਂ ਤੱਕ ਦਸਤਕ ਦੇਣ ਵਾਲਾ ਆਗੂ ਸੀ। ਸ਼ੇਖਾਵਤ ਨੇ ਕਿਹਾ ਕਿ ਸ਼ਾਇਦ ਉਹ ਦੇਸ਼ ਤੇ ਦੁਨੀਆ ਦੇ ਅਜਿਹੇ ਇਕਲੌਤੇ ਧਾਰਮਿਕ ਅਤੇ ਰਾਜਸੀ ਆਗੂ ਸਨ, ਜਿਨ੍ਹਾਂ ਨੂੰ ਮਿਲਣ ਲਈ ਵੱਡੇ ਤੜਕੇ ਤੋਂ ਹੀ ਉਨ੍ਹਾਂ ਦੇ ਘਰ ਦੇ ਬਾਹਰ ਲੋਕਾਂ ਦੀ ਭੀੜ ਲੱਗ ਜਾਂਦੀ ਸੀ। ਉਨ੍ਹਾਂ ਕਿਹਾ ਕਿ ਜਥੇਦਾਰ ਟੌਹੜਾ ਨੂੰ ਚਿਰਾਂ ਤੱਕ ਯਾਦ ਰੱਖਿਆ ਜਾਵੇਗਾ।
ਕੇਂਦਰੀ ਮੰਤਰੀ ਨੇ ਲੋਕਾਂ ਨੂੰ ਜਥੇਦਾਰ ਦੇ ਜੀਵਨ ਤੋਂ ਸੇਧ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਵੱਡੇ ਕੱਦਾਵਰ ਆਗੂ ਹੋ ਕੇ ਵੀ ਅੰਤਲੇ ਸਮੇਂ ਤੱਕ ਆਪਣੇ ਪਿੰਡ ਨਾਲ ਜੁੜੇ ਰਹੇ ਤੇ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ। ਚੋਣਾਂ ਦੌਰਾਨ ਅਕਾਲੀਆਂ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿ ਟੌਹੜਾ ਵਰਗੇ ਆਗੂਆਂ ਦੇ ਪਰਿਵਾਰਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਕਰਕੇ ਹੀ ਅੱਜ ਅਕਾਲੀ ਦਲ ਖ਼ਤਮ ਹੋਣ ਕੰਢੇ ਪੁੱਜ ਗਿਆ ਹੈ। ਇਸ ਮੌਕੇ ਪੁੱਜੇ ਹੋਰਨਾਂ ਭਾਜਪਾ ਆਗੂਆਂ ’ਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਜਗਦੀਸ਼ ਜੱਗਾ ਰਾਜਪੁਰਾ, ਦਯਾ ਸਿੰਘ ਸੋਢੀ, ਸਾਬਕਾ ਵਿਧਾਇਕ ਦੀਦਾਰ ਭੱਟੀ, ਗੁਰਪ੍ਰੀਤ ਸ਼ਾਹਪੁਰ, ਹਰਿੰਦਰ ਕੋਹਲੀ ਅਤੇ ਵਿਕਾਸ ਸ਼ਰਮਾ ਆਦਿ ਸ਼ਾਮਲ ਸਨ। ਅਕਾਲੀ ਦਲ ਵੱਲੋਂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਉਨ੍ਹਾਂ ਦੇ ਫਰਜੰਦ ਹਰਿੰਦਰਪਾਲ ਚੰਦੂਮਾਜਰਾ ਨੇ ਵੀ ਮਰਹੂਮ ਟੌਹੜਾ ਦੀ ਭਰਵੀਂ ਸ਼ਲਾਘਾ ਕੀਤੀ। ਸ੍ਰੀ ਚੰਦੂਮਾਜਰਾ ਨੇ ਟੌਹੜਾ ਨਾਲ ਬਿਤਾਏ ਸਮੇਂ ਤੇ ਤਜਰਬੇ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਸਿਧਾਂਤਾਂ ਅਤੇ ਅਸੂਲਾਂ ਸਣੇ ਹੋਰ ਗੁਣਾਂ ਕਰਕੇ ਸ੍ਰੀ ਟੌਹੜਾ ਵਿਸ਼ਵ ਪੱਧਰ ’ਤੇ ਪਛਾਣੀ ਜਾਣ ਵਾਲੀ ਹਸਤੀ ਸਨ। ਟੌਹੜਾ ਦੇ ਕਰੀਬੀ ਰਹੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਵੀ ਸ਼ਰਧਾਂਜਲੀ ਭੇਟ ਕਰਨ ਲਈ ਪੁੱਜੇ। ਅਕਾਲੀ ਦਲ ਸੰਯੁਕਤ ਵੱਲੋਂ ਰਣਧੀਰ ਰੱਖੜਾ ਤੇ ਰਣਧੀਰ ਸਮੂਰਾ ਨੇ ਹਾਜ਼ਰੀ ਲਵਾਈ। ਸਮਾਗਮ ਦੇ ਅੰਤ ’ਚ ਹਰਿੰਦਰਪਾਲ ਟੌਹੜਾ ਨੇ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ।
ਸ਼੍ਰੋਮਣੀ ਕਮੇਟੀ ਨੇ ਵੱਖਰੇ ਤੌਰ ਉੱਤੇ ਮਨਾਇਆ ਬਰਸੀ ਸਮਾਗਮ
ਪਟਿਆਲਾ(ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਅਕੀਦਾ): ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬਰਸੀ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਇਥੇ ਗੁਰਦਵਾਰਾ ਦੂਖਨਿਵਾਰਨ ਸਾਹਿਬ ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਟੌਹੜਾ ਪਰਿਵਾਰ ਨੇ ਹਾਲਾਂਕਿ ਇਸ ਸਮਾਗਮ ਤੋਂ ਦੂਰੀ ਬਣਾ ਕੇ ਰੱਖੀ। ‘ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ’ ਦੇ ਸਰਪ੍ਰਸਤ ਅਤੇ ਪਿੰਡ ਟੌਹੜਾ ਦੇ ਸਾਬਕਾ ਸਰਪੰਚ ਸਤਵਿੰਦਰ ਸਿੰਘ ਟੌਹੜਾ (ਮੈਂਬਰ ਸ਼੍ਰੋਮਣੀ ਕਮੇਟੀ) ਵੱਲੋਂ ਰਖਵਾਏ ਗਏ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਬਰਸੀ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਸ੍ਰੀ ਟੌਹੜਾ ਨੂੰ ਕੌਮ ਤੇ ਪੰਥਪ੍ਰਸਤ ਅਤੇ ਸਿੱਖੀ ਸਿਧਾਂਤਾਂ ਨੂੰ ਪ੍ਰਣਾਈ ਪੰਥਕ ਸ਼ਖ਼ਸੀਅਤ ਕਰਾਰ ਦਿੱਤਾ, ਜਿਨ੍ਹਾਂ ਦੇ ਜੀਵਨ ਤੋਂ ਤਾਉਮਰ ਸੇਧ ਲੈਂਦੇ ਰਹਿਣ ਦੀ ਲੋੜ ਹੈ। ਉਨ੍ਹਾਂ ਅਲੋਪ ਹੋ ਰਹੇ ਪੰਥਪ੍ਰਸਤੀ ਦੇ ਜਜ਼ਬੇ ਦੀ ਮੁੜ ਸੁਰਜੀਤੀ ਲਈ ਮਰਹੂਮ ਟੌਹੜਾ ਦੇ ਜੀਵਨ ਦਾ ਮੁਲਾਂਕਣ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਟੌਹੜਾ ਦਾ ਜੀਵਨ ਕੌਮ ਪ੍ਰਤੀ ਚਿੰਤਤ ਰਹਿਣ ਅਤੇ ਆਤਮ ਮੰਥਨ ਲਈ ਪ੍ਰੇਰਦਾ ਹੈ। ਸਤਵਿੰਦਰ ਟੌਹੜਾ ਨੇ ਕਿਹਾ ਕਿ ਟੌਹੜਾ ਨੇ ਪੰਥਕ ਮੁਜੱਸਮਾ, ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸਖਸ਼ੀਅਤ ਵਜੋਂ ਵਿਲੱਖਣ ਪਹਿਚਾਣ ਸਥਾਪਿਤ ਕੀਤੀ। ਇਸ ਮੌਕੇ ਸੰਤ ਬਾਬਾ ਅਮਰੀਕ ਸਿੰਘ ਕਾਰਸੇਵਾ ਵਾਲੇ, ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਲਾਛੜੂ, ਨਿਰਮਲ ਹਰਿਆਊ, ਸ਼ਿਵੰਦਰ ਸੱਭਰਵਾਲ ਤੇ ਜਰਨੈਲ ਕਰਤਾਰਪੁਰ, ਨਰਦੇਵ ਆਕੜੀ ਆਦਿ ਸਣੇ ਕਈ ਸੰਤ ਮਹਾਂਪੁਰਸ਼ ਤੇ ਪਤਵੰਤੇ ਮੌਜੂਦ ਸਨ।
ਪੱਤਰਕਾਰਾਂ ਦੇ ਸਵਾਲਾਂ ’ਤੇ ਭੜਕੇ ਸ਼ੇਖਾਵਤ
ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਬਰਸੀ ਸਮਾਗਮ ਤੋਂ ਇਕਪਾਸੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਤੋਂ ਭੜਕ ਉੱਠੇ। ਪੱੱਤਰਕਾਰਾਂ ਨੇ ਉਨ੍ਹਾਂ ਨੂੰ ਰਾਜਾਂ ਦੀ ਸੰਘੀ ਘੁੱਟਣ ਵਰਗੀਆਂ ਕੇਂਦਰ ਸਰਕਾਰ ਦੀਆਂ ਸਰਗਰਮੀਆਂ ਸਬੰਧੀ ਸਵਾਲ ਪੁੱਛਿਆ ਸੀ। ਪੱਤਰਕਾਰਾਂ ਨੇ ਚੰਡੀਗੜ੍ਹ ਵਿੱਚ ਕੇਂਦਰੀ ਸਰਵਿਸ ਰੂਲ ਲਾਗੂ ਕਰਨ ਸਬੰਧੀ ਸਵਾਲ ਵੀ ਪੁੱਛੇ। ਇਸ ਸਬੰਧੀ ਪਹਿਲਾਂ ਤਾਂ ਉਨ੍ਹਾਂ ਨੇ ਬੜੀ ਹਲੀਮੀ ਨਾਲ ਜਵਾਬ ਦਿੱਤਾ ਕਿ ਉਹ ਅੱਜ ਇਥੇ ਇਸ ਮੁੱਦੇ ’ਤੇ ਗੱਲ ਕਰਨ ਲਈ ਨਹੀਂ ਆਏ। ਉਹ ਇੱਕ ਟੀਵੀ ਚੈਨਲ ਦੇ ਪੱਤਰਕਾਰ ਵੱਲੋਂ ਜਵਾਬ ਲਈ ਉਨ੍ਹਾਂ ਦੇ ਮੂੰਹ ਅੱਗੇ ਕੀਤੇ ਮਾਈਕ ਨੂੰ ਲਾਂਭੇ ਕਰਕੇ ਕਾਹਲੀ ਨਾਲ ਚਲਦੇ ਬਣੇ।