ਚੰਡੀਗੜ੍ਹ, 16 ਨਵੰਬਰ
ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਕਿਹਾ ਹੈ ਕਿ ਊਨ੍ਹਾਂ ਦੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀਆਂ 2022 ’ਚ ਹੋਣ ਵਾਲੀਆਂ ਚੋਣਾਂ ਲਈ ਸਾਰੀਆਂ 117 ਸੀਟਾਂ ’ਤੇ ਚੋਣ ਲੜਨ ਵਾਸਤੇ ਜੰਗੀ ਪੱਧਰ ’ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਊਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਭਾਜਪਾ ਵਰਕਰਾਂ ਨੂੰ ਲਾਮਬੰਦ ਕਰਕੇ ਸੂਬੇ ਦੇ 23 ਹਜ਼ਾਰ ਪੋਲਿੰਗ ਬੂਥਾਂ ’ਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਸ੍ਰੀ ਚੁੱਘ ਨੇ ਇੱਥੇ ਇਕ ਬਿਆਨ ’ਚ ਕਿਹਾ,‘‘ਭਾਜਪਾ ਪ੍ਰਧਾਨ ਜੇ ਪੀ ਨੱਢਾ 19 ਨਵੰਬਰ ਨੂੰ ਪਾਰਟੀ ਦੇ 10 ਜ਼ਿਲ੍ਹਾ ਦਫ਼ਤਰਾਂ ਦਾ ਵਰਚੁਅਲੀ ਊਦਘਾਟਨ ਕਰਨਗੇ। ਇਸ ਮਗਰੋਂ ਊਹ ਆਊਂਦੀਆਂ ਚੋਣਾਂ ਦੀ ਤਿਆਰੀ ਦਾ ਜਾਇਜ਼ਾ ਲੈਣ ਅਤੇ ਪਾਰਟੀ ਵਰਕਰਾਂ ’ਚ ਜੋਸ਼ ਭਰਨ ਲਈ ਪੰਜਾਬ ’ਚ ਤਿੰਨ ਦਿਨਾਂ ਲਈ ਦੌਰਾ ਕਰਨਗੇ।’’ ਊਨ੍ਹਾਂ ਕਿਹਾ ਕਿ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਆਗੂ ਪੰਜਾਬ ’ਚ ਨਰਿੰਦਰ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ 160 ਜਨ ਭਲਾਈ ਯੋਜਨਾਵਾਂ ਦਾ ਪ੍ਰਚਾਰ ਕਰਨਗੇ ਅਤੇ ਸੂਬੇ ’ਚ ਇਨ੍ਹਾਂ ਨੂੰ ਲਾਗੂ ਕੀਤੇ ਜਾਣ ਬਾਰੇ ਲੋਕਾਂ ਨੂੰ ਜਾਣੂ ਕਰਵਾਊਣਗੇ। ਊਨ੍ਹਾਂ ਕਿਹਾ ਕਿ ਪਾਰਟੀ ਨੇ ਪੰਜਾਬ ’ਚ 117 ਸੀਟਾਂ ’ਤੇ ਵਿਧਾਨ ਸਭਾ ਚੋਣਾਂ ਲਈ ਕਮਰ ਕੱਸ ਲਈ ਹੈ। ਜ਼ਿਕਰਯੋਗ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਖੇਤੀ ਬਿੱਲਾਂ ਦਾ ਵਿਰੋਧ ਕਰਦਿਆਂ ਭਾਜਪਾ ਦੇ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਨਾਲੋਂ ਨਾਤਾ ਤੋੜ ਲਿਆ ਸੀ। ਭਾਜਪਾ ਪਹਿਲਾਂ ਅਕਾਲੀ ਦਲ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਸਮੇਂ ਆਪਣੇ 23 ਊਮੀਦਵਾਰ ਅਤੇ ਲੋਕ ਸਭਾ ਦੀਆਂ 13 ’ਚੋਂ ਤਿੰਨ ਸੀਟਾਂ ’ਤੇ ਊਮੀਦਵਾਰ ਮੈਦਾਨ ’ਚ ਊਤਾਰਦੀ ਆਈ ਹੈ। -ਪੀਟੀਆਈ