ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 20 ਜਨਵਰੀ
ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਈਡੀ ਵੱਲੋਂ ਮੁੱਖ ਮੰਤਰੀ ਦੇ ਰਿਸ਼ਤੇਦਾਰ ਦੇ ਘਰ ਮਾਰੇ ਛਾਪੇ ਤੇ ਬਰਾਮਦ ਕਰੋੜਾਂ ਰੁਪਏ ਦੀ ਰਕਮ ਬਾਰੇ ਕਿਹਾ ਕਿ ਇਸ ਵਿਚ ਕੇਂਦਰ ਸਰਕਾਰ ਦਾ ਕੋਈ ਦਖ਼ਲ ਨਹੀਂ ਹੈ।
ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਇਹ ਰਕਮ ਆਗਾਮੀ ਚੋਣਾਂ ਵਿਚ ਵਰਤੀ ਜਾਣੀ ਸੀ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਆਜ਼ਾਦ ਜਾਂਚ ਏਜੰਸੀ ਹੈ। ਈਡੀ ਨੂੰ ਸੂਚਨਾ ਮਿਲੀ ਸੀ ਕਿ ਰੇਤ ਦੇ ਨਾਜਾਇਜ਼ ਕਾਰੋਬਾਰ ਨਾਲ ਸਬੰਧਤ ਵੱਡੀ ਰਕਮ ਇਕੱਠੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕੇਂਦਰ ਸਰਕਾਰ ਦੇ ਸਿਆਸੀ ਦਖ਼ਲ ਦੇ ਦੋਸ਼ ਬੇਬੁਨਿਆਦ ਹਨ। ਇਹ ਇਕ ਰੁਟੀਨ ਛਾਪਾ ਸੀ, ਜਿਸ ਵਿਚ ਦਸ ਕਰੋੜ ਤੋਂ ਵੱਧ ਦੀ ਰਕਮ ਬਰਾਮਦ ਹੋਈ ਹੈ।
ਵਿਧਾਨ ਸਭਾ ਚੋਣਾਂ ਸਬੰਧੀ ਅੱਜ ਜ਼ਿਲ੍ਹਾ ਭਾਜਪਾ ਦਫ਼ਤਰ ਵਿਚ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਭਾਜਪਾ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ। ਇਸ ਦੌਰਾਨ ਕੁਝ ਵਿਅਕਤੀ ਭਾਜਪਾ ਵਿਚ ਸ਼ਾਮਲ ਵੀ ਹੋਏ ਹਨ। ਇਹ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਦੀ ਅਗਵਾਈ ਵਿਚ ਹੋਈ। ਇਸ ਦੌਰਾਨ ਸ੍ਰੀ ਖੰਨਾ ਨੇ ਮੀਡੀਆ ਨੂੰ ਦੱਸਿਆ ਕਿ ਅੱਜ ‘ਆਪ’ ਦੇ ਰਾਜਾਸਾਂਸੀ ਹਲਕੇ ਤੋਂ ਦੋ ਕੌਂਸਲਰਾਂ ਦੇ ਪਰਿਵਾਰਕ ਮੈਂਬਰ ਮੁਖਵਿੰਦਰ ਸਿੰਘ ਮੁੱਖਾ ਅਤੇ ਗੁਰਵਿੰਦਰ ਸਿੰਘ ਗੋਲਡੀ ਤੇ ਹੋਰਨਾਂ ਨੇ ਭਾਜਪਾ ਵਿਚ ਸ਼ਮੂਲੀਅਤ ਕੀਤੀ ਹੈ।
ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣ ਬਾਰੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਹਰ ਸਿਆਸੀ ਪਾਰਟੀ ਦੀ ਆਪਣੀ ਸੋਚ ਹੈ ਪਰ ਉਹ ਸੋਚਦੇ ਹਨ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣਾ ਆਗੂ ਚੁਣਨ ਦਾ ਹੱਕ ਹੋਣਾ ਚਾਹੀਦਾ ਹੈ।
ਛਾਪਿਆਂ ਨਾਲ ਰੇਤ ਮਾਫੀਆ ਦਾ ਪਰਦਾਫਾਸ਼: ਭਾਜਪਾ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਈਡੀ ਦੇ ਛਾਪਿਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੁਰੱਖਿਆ ਹੇਠ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰਾਂ ਦੇ ਘਰਾਂ ਤੋਂ ਚੱਲ ਰਹੇ ਰੇਤ ਮਾਫੀਆ ਦਾ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਛਾਪਿਆਂ ਨੇ ਮੁੱਖ ਮੰਤਰੀ ਚੰਨੀ ਦਾ ਇੱਕ ਆਮ ਆਦਮੀ ਹੋਣ ਦਾ ਝੂਠਾ ਚਿਹਰਾ ਵੀ ਬੇਨਕਾਬ ਕਰ ਦਿੱਤਾ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ ਕਿ ਉਨ੍ਹਾਂ ਦੇ ਭਤੀਜੇ ਕੋਲੋਂ 10 ਕਰੋੜ ਰੁਪਏ ਦੀ ਬੇਹਿਸਾਬੀ ਰਕਮ ਤੇ ਸੋਨਾ ਬਰਾਮਦ ਹੋਇਆ ਹੈ ਜਿਸ ਨਾਲ ਆਮ ਆਦਮੀ ਦੇ ਮਖੌਟੇ ਦਾ ਰਾਜ਼ ਖੁੱਲ੍ਹ ਗਿਆ ਹੈ।