ਆਤਿਸ਼ ਗੁਪਤਾ
ਚੰਡੀਗੜ੍ਹ, 17 ਮਈ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਰਨਾਟਕ ਦੀ ਭਾਜਪਾ ਸਰਕਾਰ ਵੱਲੋਂ ਦਸਵੀਂ ਜਮਾਤ ਦੇ ਸਿਲੇਬਸ ਵਿੱਚੋਂ ਸ਼ਹੀਦ ਭਗਤ ਸਿੰਘ ਬਾਰੇ ਪਾਠ ਹਟਾ ਕੇ ਆਰਐੱਸਐੱਸ ਦੇ ਬਾਨੀ ਕੇਬੀ ਹੇਡਗੇਵਾਰ ਬਾਰੇ ਪਾਠ ਸ਼ਾਮਲ ਕਰਨ ਦੀ ਨਿਖੇਧੀ ਕੀਤੀ ਹੈ ਤੇ ਨਾਲ ਹੀ ਭਾਜਪਾ ’ਤੇ ਸ਼ਹੀਦਾਂ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਸਿਲੇਬਸ ਵਿੱਚ ਫੇਰਬਦਲ ਕਰਕੇ ਭਾਜਪਾ ਨੇ ਸ਼ਹੀਦ ਭਗਤ ਸਿੰਘ ਬਾਰੇ ਆਪਣੀ ਨਫ਼ਰਤੀ ਸੋਚ ਦਾ ਪ੍ਰਗਟਾਵਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿੱਚ ਦੇਸ਼ ਲਈ ਆਪਣੀ ਜਾਨ ਦੇ ਕੇ ਇਨਕਲਾਬ ਦੀ ਲੋਅ ਜਗਾਉਣ ਵਾਲੇ ਸ਼ਹੀਦ ਭਗਤ ਸਿੰਘ ਨੂੰ ਪੜ੍ਹ ਕੇ ਅੱਜ ਵੀ ਨੌਜਵਾਨਾਂ ਵਿੱਚ ਦੇਸ਼ ਭਗਦੀ ਦੀ ਲਹਿਰ ਦੌੜ ਰਹੀ ਹੈ। ਦੇਸ਼ ਭਗਤੀ ਦੇ ਇਸੇ ਜਜ਼ਬੇ ਤੋਂ ਡਰਦਿਆਂ ਭਾਜਪਾ ਦੀ ਰੂਹ ਕੰਬਦੀ ਹੈ।
‘ਆਪ’ ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਆਰਐੱਸਐੱਸ ਦੇ ਏਜੰਡੇ ਨੂੰ ਜਾਣਬੁਝ ਕੇ ਲੋਕਾਂ ’ਤੇ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਲਈ ਭਾਜਪਾ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਦੇ ਅਕਸ ਨਾਲ ਕਦੇ ਕਿਤਾਬਾਂ ਰਾਹੀਂ ਅਤੇ ਕਦੇ ਆਪਣੇ ਆਗੂਆਂ ਦੇ ਭੜਕਾਊ ਬਿਆਨਾਂ ਨਾਲ ਖਿਲਵਾੜ ਕਰ ਰਹੀ ਹੈ। ਭਾਜਪਾ ਹਮੇਸ਼ਾ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਵੀਰਾਂ ਅਤੇ ਸ਼ਹੀਦਾਂ ਦੇ ਯੋਗਦਾਨ ਨੂੰ ਘਟਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਦਾ ਤਾਜ਼ਾ ਮਾਮਲਾ ਭਾਜਪਾ ਸਰਕਾਰ ਵੱਲੋਂ ਆਰਐੱਸਐੱਸ ਦੇ ਏਜੰਡੇ ਨੂੰ ਦੇਸ਼ ਭਰ ਵਿੱਚ ਲਾਗੂ ਕਰਨ ਦੀ ਰਣਨੀਤੀ ਦਾ ਹੀ ਇੱਕ ਹਿੱਸਾ ਹੈ, ਪਰ ਦੇਸ਼ ਦੇ ਲੋਕ ਭਾਜਪਾ ਅਤੇ ਆਰਐੱਸਐੱਸ ਦੀ ਸਚਾਈ ਨੂੰ ਸਮਝਦੇ ਹਨ।‘ਆਪ’ ਦੇ ਵਿਧਾਨ ਸਭਾ ਹਲਕਾ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ, ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਕੰਬੋਜ ਗੋਲਡੀ ਸਣੇ ਹੋਰਨਾਂ ਵਿਧਾਇਕਾਂ ਨੇ ਕਰਨਾਟਕ ’ਚ 10ਵੀਂ ਦੇ ਸਿਲੇਬਸ ਵਿੱਚੋਂ ਸ਼ਹੀਦ ਭਗਤ ਸਿੰਘ ਬਾਰੇ ਪਾਠ ਹਟਾਉਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਨੌਜਵਾਨਾਂ ਵਿੱਚ ਆਪਣੇ ਹੱਕ-ਸੱਚ ਲਈ ਲੜਾਈ ਲੜਨ ਦੀ ਅਲਖ ਜਗਾਈ ਸੀ, ਜੋ ਅੱਜ ਵੀ ਨੌਜਵਾਨਾਂ ਵਿੱਚ ਜੋਸ਼ ਭਰਨ ਦਾ ਕੰਮ ਕਰ ਰਹੀ ਹੈ। ‘ਆਪ’ ਵਿਧਾਇਕਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਹੀ ਨਹੀਂ ਸਗੋਂ ਹੋਰਨਾਂ ਸ਼ਹੀਦਾਂ ਬਾਰੇ ਪਾਠ ਸਕੂਲਾਂ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਹੈ।
ਭਗਤ ਸਿੰਘ ਬਾਰੇ ਪਾਠ ਨਹੀਂ ਹਟਾਇਆ: ਕਰਨਾਟਕ ਟੈਕਸਟਬੁੱਕ ਸੁਸਾਇਟੀ
ਬੰਗਲੂਰੂ: ਸਕੂਲੀ ਸਿਲੇਬਸ ’ਚ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਪਾਠ ਹਟਾਏ ਜਾਣ ਦੇ ਮੁੱਦੇ ’ਤੇ ਚੁਫੇਰਿਓਂ ਘਿਰਨ ਮਗਰੋਂ ਕਰਨਾਟਕ ਟੈਕਸਟਬੁੱਕ ਸੁਸਾਇਟੀ ਨੇ ਅੱਜ ਸਪੱਸ਼ਟ ਕੀਤਾ ਕਿ ਇਹ ਪਾਠ ਹਟਾਇਆ ਨਹੀਂ ਗਿਆ ਅਤੇ ਦਸਵੀਂ ਜਮਾਤ ਦੀ ਪਾਠ ਪੁਸਤਕ ਅਜੇ ਛਪ ਰਹੀ ਹੈ। ਸੁਸਾਇਟੀ ਨੇ ਕਿਹਾ, ‘ਮੀਡੀਆ ’ਚ ਅਜਿਹੀਆਂ ਖ਼ਬਰਾਂ ਹਨ ਕਿ ਪਹਿਲੀ ਭਾਸ਼ਾ ਕੰਨੜ ਦੀ 10ਵੀਂ ਦੀ ਪਾਠ ਪੁਸਤਕ ’ਚੋਂ ਸ਼ਹੀਦ ਭਗਤ ਸਿੰਘ ਬਾਰੇ ਪਾਠ ਕੱਢ ਕੇ ਉਸ ਦੀ ਥਾਂ ਹੇਡਗੇਵਾਰ ਬਾਰੇ ਪਾਠ ਸ਼ਾਮਲ ਕੀਤਾ ਗਿਆ।’ ਉਨ੍ਹਾਂ ਕਿਹਾ ਕਿ ਸਚਾਈ ਇਹ ਹੈ ਕਿ ਭਗਤ ਸਿੰਘ ਬਾਰੇ ਪਾਠ ਸਕੂਲ ਦੀ ਪਾਠ ਪੁਸਤਕ ’ਚੋਂ ਨਹੀਂ ਹਟਾਇਆ ਗਿਆ ਅਤੇ ਪਹਿਲੀ ਭਾਸ਼ਾ ਕੰਨੜ ਦੀ 10ਵੀਂ ਦੀ ਪਾਠ ਪੁਸਤਕ ਅਜੇ ਛਪਾਈ ਅਧੀਨ ਹੈ। -ਪੀਟੀਆਈ
ਭਾਜਪਾ ਨੇ ਸ਼ਹੀਦ ਦੀ ਬੇਇੱਜ਼ਤੀ ਕੀਤੀ: ਕੇਜਰੀਵਾਲ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਰਨਾਟਕ ਦੀ ਭਾਜਪਾ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਕੂਲੀ ਸਿਲੇਬਸ ’ਚੋਂ ਸ਼ਹੀਦ ਭਗਤ ਸਿੰਘ ਬਾਰੇ ਪਾਠ ਹਟਾਉਣਾ ਇਸ ਮਹਾਨ ਕ੍ਰਾਂਤੀਕਾਰੀ ਦੀ ਸ਼ਹਾਦਤ ਦੀ ਬੇਇੱਜ਼ਤੀ ਹੈ ਅਤੇ ਸੂਬਾ ਸਰਕਾਰ ਨੂੰ ਇਹ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ। ‘ਆਪ’ ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਟਵੀਟ ਕੀਤਾ, ‘ਦੇਸ਼ ਆਪਣੇ ਸ਼ਹੀਦਾਂ ਦੀ ਇਸ ਤਰ੍ਹਾਂ ਨਾਲ ਬੇਇੱਜ਼ਤੀ ਬਰਦਾਸ਼ਤ ਨਹੀਂ ਕਰੇਗਾ।’ ਉਨ੍ਹਾਂ ਭਾਜਪਾ ਨੂੰ ਸਵਾਲ ਕੀਤਾ ਕਿ ਉਨ੍ਹਾਂ ਦੇ ਲੋਕ ਭਗਤ ਸਿੰਘ ਨੂੰ ਇੰਨੀ ਨਫ਼ਰਤ ਕਿਉਂ ਕਰਦੇ ਹਨ। ਜ਼ਿਕਰਯੋਗ ਹੈ ਕਿ ਆਲ ਇੰਡੀਆ ਡੈਮੋਕਰੈਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਅਤੇ ਆਲ ਇੰਡੀਆ ਸੇਵ ਐਜੂਕੇਸ਼ਨ ਕਮੇਟੀ ਨੇ ਵੀ ਕਰਨਾਟਕ ਸਰਕਾਰ ਦੀ ਆਲੋਚਨਾ ਕੀਤੀ ਹੈ। -ਪੀਟੀਆਈ