ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਅਗਸਤ
ਸ਼ਿਵਪੁਰੀ ਇਲਾਕੇ ’ਚ ਲੰਘੀ ਦੇਰ ਰਾਤ ਨਸ਼ੇ ਦੀ ਹਾਲਤ ’ਚ ਘਰ ਦੇ ਬਾਹਰ ਰੌਲਾ ਪਾ ਰਹੇ ਰਹੇ ਨੌਜਵਾਨਾਂ ਨੂੰ ਭਾਜਪਾ ਆਗੂ ਭਾਰਤ ਭੂਸ਼ਣ ਸ਼ਰਮਾ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੁਝ ਵਿਅਕਤੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਤੇ ਹੱਥੋਪਾਈ ਦੌਰਾਨ ਭਾਜਪਾ ਆਗੂ ਦੀ ਹੇਠਾਂ ਡਿੱਗ ਕੇ ਮੌਤ ਹੋ ਗਈ। ਇਸ ਝਗੜੇ ਦੌਰਾਨ ਭਾਜਪਾ ਆਗੂ ਦੇ ਪੁੱਤਰ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।
ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪੁਲੀਸ ਦੇ ਉੱਚ ਅਧਿਕਾਰੀ ਤੇ ਥਾਣਾ ਡਿਵੀਜ਼ਨ ਨੰਬਰ-4 ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਜਾਂਚ ਕਰਨ ਮਗਰੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਇਸ ਮੌਕੇ ਮ੍ਰਿਤਕ ਦੇ ਪੁੱਤਰ ਰਾਜ ਕੁਮਾਰ ਨੇ ਦੱਸਿਆ ਸ਼ੁੱਕਰਵਾਰ ਦੇਰ ਰਾਤ ਉਸ ਦੇ ਘਰ ਅੱਗੇ ਕੁਝ ਨੌਜਵਾਨ ਰੌਲਾ ਪਾਉਂਦੇ ਹੋਏ ਆਪਸ ਵਿੱਚ ਝਗੜਨ ਲੱਗ ਪਏ। ਉਸ ਦੇ ਪਿਤਾ ਨੇ ਨੌਜਵਾਨਾਂ ਨੂੰ ਝਗੜਾ ਕਰਨ ਤੋਂ ਰੋਕਿਆ, ਪਰ ਉਨ੍ਹਾਂ ਉਲਟਾ ਉਸ ਦੇ ਪਿਤਾ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਛੁਡਵਾਉਣਾ ਚਾਹਿਆ ਤਾਂ ਨੌਜਵਾਨਾਂ ਨੇ ਉਸ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਰੌਲਾ ਪੈਣ ’ਤੇ ਹਮਲਾਵਰਾਂ ਨੇ ਉਸ ਦੇ ਪਿਤਾ ਨੂੰ ਧੱਕਾ ਦੇ ਥੱਲੇ ਸੁੱਟ ਦਿੱਤਾ, ਜਿਸ ਕਾਰਨ ਉਸ ਦੇ ਪਿਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਮਲਾਵਰ ਮੌਕੇ ’ਤੋਂ ਫਰਾਰ ਹੋ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਹਮਲਾਵਰਾਂ ਦੀ ਹਾਲੇ ਪਛਾਣ ਨਹੀਂ ਹੋ ਸਕੀ ਹੈ। ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਗਿਆ ਹੈ।