ਪਾਲ ਸਿੰਘ ਨੌਲੀ
ਜਲੰਧਰ, 16 ਸਤੰਬਰ
ਭਾਜਪਾ ਦੇ ਨਵ-ਨਿਯੁਕਤ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਨੇ ਕਿਸਾਨਾਂ ਕੋਲੋਂ ਇਹ ਕਹਿੰਦਿਆਂ ਮੁਆਫ਼ੀ ਮੰਗੀ ਹੈ ਕਿ ਜੇਕਰ ਉਨ੍ਹਾਂ ਦੇ ਬਿਆਨ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਬੇਹੱਦ ਅਫਸੋਸ ਹੈ। ਬੀਤੀ ਰਾਤ ਧਰਨਾ ਸਮਾਪਤ ਕਰਨ ਵੇਲੇ ਕਿਸਾਨਾਂ ਨੇ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ ਦੇ ਘਰ ਅੱਗੇ ਗੋਹਾ ਸੁੱਟਿਆ ਸੀ। ਉਦੋਂ ਕਿਸਾਨਾਂ ਨੇ ਕੋਠੀ ਦੀਆਂ ਕੰਧਾਂ ’ਤੇ ਵੀ ਗੋਹਾ ਫੇਰ ਦਿੱਤਾ ਸੀ। ਭਾਜਪਾ ਆਗੂ ਦੇ ਘਰ ਅੱਗੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਕਿਸਾਨਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਅਜੇ ਤੱਕ ਭਾਜਪਾ ਵੱਲੋਂ ਵੀ ਇਸ ਮਾਮਲੇ ਸਬੰਧੀ ਕਿਸਾਨਾਂ ਖ਼ਿਲਾਫ਼ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ ਗਈ। ਭਾਜਪਾ ਆਗੂ ਦੇ ਇਸ ਵਿਵਾਦਤ ਬਿਆਨ ਨਾਲ ਲੀਡਰਸ਼ਿਪ ਕਸੂਤੀ ਫਸੀ ਦਿਖਾਈ ਦੇ ਰਹੀ ਹੈ। ਭਾਜਪਾ ਆਗੂ ਮੀਡੀਆ ਨੂੰ ਇਸ ਗੱਲ ’ਤੇ ਆਪਣੀ ਰਾਏ ਦੇਣ ਤੋਂ ਬਚ ਰਹੇ ਹਨ। ਭਾਜਪਾ ਦੀ ਜ਼ਿਲ੍ਹਾ ਲੀਡਰਸ਼ਿਪ ਤੇ ਸੂਬਾਈ ਲੀਡਰਸ਼ਿਪ ਨੇ ਹਰਿੰਦਰ ਸਿੰਘ ਕਾਹਲੋਂ ਦੇ ਮਾਮਲੇ ’ਤੇ ਚੁੱਪ ਧਾਰੀ ਹੋਈ ਹੈ। ਭਾਜਪਾ ਦੇ ਸੀਨੀਅਰ ਆਗੂਆਂ ਨੇ ਗੱਲ ਕਰਦਿਆਂ ਕਿਹਾ ਕਿ ਅਜਿਹੀ ਸਖਤ ਬਿਆਨਬਾਜ਼ੀ ਪਾਰਟੀ ਦੇ ਕਿਸੇ ਵੀ ਆਗੂ ਨੇ ਕਿਸਾਨਾਂ ਬਾਰੇ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਜਿਸ ਮਕਸਦ ਨਾਲ ਸਿੱਖ ਚਿਹਰਿਆਂ ਨੂੰ ਪਾਰਟੀ ਅੰਦਰ ਲਿਆਂਦਾ ਗਿਆ, ਉਹ ਉਲਟਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨਾਂ ਨਾਲ ਇਕੱਲਾ ਸਿੱਖ ਭਾਈਚਾਰਾ ਹੀ ਨਹੀਂ, ਸਗੋਂ ਪਾਰਟੀ ਨਾਲ ਜੁੜਿਆ ਹਿੰਦੂ ਭਾਈਚਾਰਾ ਵੀ ਨਾਰਾਜ਼ ਹੋ ਰਿਹਾ ਹੈ।