ਸ਼ਗਨ ਕਟਾਰੀਆ
ਬਠਿੰਡਾ, 9 ਜਨਵਰੀ
ਭਾਜਪਾ ਪੰਜਾਬ ਦੇ ਸਕੱਤਰ ਸੁਖਪਾਲ ਸਿੰਘ ਸਰਾ ਵੱਲੋਂ ਇਕ ਟੀਵੀ ਚੈਨਲ ’ਤੇ ਵਿਚਾਰ-ਚਰਚਾ ਦੌਰਾਨ ਖੇਤੀ ਕਾਨੂੰਨਾਂ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਵੱਲੋਂ ਲਿਖ਼ੇ ਜ਼ਫ਼ਰਨਾਮੇ ਨਾਲ ਕਰਨ ’ਤੇ ਪੈਦਾ ਹੋਇਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੁਖਪਾਲ ਸਰਾਂ ਦਾ ਜੱਦੀ ਪਿੰਡ ਗੁਰੂਸਰ ਸੈਣੇਵਾਲਾ ਬਠਿੰਡਾ ਜ਼ਿਲ੍ਹੇ ’ਚ ਪੈਂਦਾ ਹੈ। ਵਰਤਮਾਨ ਸਮੇਂ ਸਰਾ ਪਰਿਵਾਰ ਦੀ ਰਿਹਾਇਸ਼ ਬਠਿੰਡਾ ਸਥਿਤ ਡੱਬਵਾਲੀ ਰੋਡ ’ਤੇ ਸ਼ੀਸ਼ ਮਹੱਲ ਕਲੋਨੀ ਵਿੱਚ ਕਿਰਾਏ ਦੇ ਮਕਾਨ ਨੰਬਰ 320 ’ਚ ਹੈ। ਬੀਤੇ ਦਿਨ ਵਿਵਾਦ ਪਿੱਛੋਂ ਦਲ ਖਾਲਸਾ ਨੇ ਸ਼ਹਿਰ ਵਿਚਲੀ ਰਿਹਾਇਸ਼ ਨੇੜੇ ਪ੍ਰਦਰਸ਼ਨ ਕੀਤਾ ਤਾਂ ਪ੍ਰਸ਼ਾਸਨ ਨੇ ਸੰਭਾਵਿਤ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕਲੋਨੀ ਦੇ ਮੁੱਖ ਗੇਟ ਅਤੇ ਗਲੀਆਂ ਵਿੱਚ ਵੱਡੀ ਗਿਣਤੀ ’ਚ ਪੁਲੀਸ ਕਰਮਚਾਰੀ ਤਾਇਨਾਤ ਕਰ ਦਿੱਤੇ।
ਕਲੋਨੀ ਦੇ ਪੁਲੀਸ ਛਾਉਣੀ ’ਚ ਤਬਦੀਲ ਹੋਣ ਤੋਂ ਤੰਗ ਆ ਕੇ ‘ਸ਼ੀਸ਼ ਮਹੱਲ ਰੈਜ਼ੀਡੈਂਟਸ ਵੈੱਲਫੇਅਰ ਸੁਸਾਇਟੀ’ ਨੇ ਅੱਜ ਕਲੋਨੀ ਵਾਸੀਆਂ ਦੀ ਮੀਟਿੰਗ ਕੀਤੀ। ਕਲੋਨੀ ਦੇ ਪ੍ਰਧਾਨ ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਇਸ ਬੈਠਕ ਵਿੱਚ ਸਰਬਸੰਮਤੀ ਨਾਲ ਪਾਸ ਮਤੇ ਰਾਹੀਂ ਸਰਾ ਦੀ ਰਿਹਾਇਸ਼ ਦੇ ਮਾਲਕ ਰਵਿੰਦਰ ਸਿੰਘ ਨੂੰ ਅਪੀਲ ਕੀਤੀ ਗਈ ਕਿ ਉਹ ਸੁਖਪਾਲ ਸਰਾ ਤੋਂ ਕੋਠੀ ਖਾਲੀ ਕਰਵਾਏ। ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਮੌਕੇ ਦੀ ਨਜ਼ਾਕਤ ਮੁਤਾਬਿਕ ਬੈਰੀਕੇਡਿੰਗ ਕਲੋਨੀ ਦੇ ਗੇਟ ’ਤੇ ਕਰਨ ਦੀ ਬਜਾਏ ਕੋਠੀ ਨੰਬਰ 320 ਦੇ ਨੇੜੇ ਕਰੇ ਤਾਂ ਜੋ ਕਲੋਨੀ ਵਾਸੀਆਂ ਨੂੰ ਬੇਵਜ੍ਹਾ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਧਰ ਪਿੰਡ ਗੁਰੂਸਰ ਸੈਣੇਵਾਲਾ ਵਿਚ ਪਿੰਡ ਦੇ ਕੁਝ ਵਿਅਕਤੀਆਂ ਸਮੇਤ ਭਾਕਿਯੂ (ਮਾਨਸਾ) ਵੱਲੋਂ ਸੁਖਪਾਲ ਸਰਾ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਗਿਆ ਜੋ ਘਰ ਵਿੱਚ ਕਿਸੇ ਦੇ ਨਾ ਹੋਣ ਕਾਰਨ ਬਾਅਦ ਵਿੱਚ ਚੁੱਕ ਲਿਆ ਗਿਆ।
ਕਿਸੇ ਨੂੰ ਦੁੱਖ ਪਹੁੰਚਿਆ ਤਾਂ ਮੁਆਫ਼ੀ ਮੰਗਦਾ ਹਾਂ: ਸੁਖਪਾਲ ਸਰਾ
ਸੁਖਪਾਲ ਸਿੰਘ ਸਰਾ ਨੇ ਸਫ਼ਾਈ ਪੇੇਸ਼ ਕਰਦਿਆਂ ਕੁਝ ਵੀ ਗ਼ਲਤ ਕਹਿਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਉਹ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਦਾ ਪੱਕੇ ਉਪਾਸ਼ਕ ਹਨ। ਉਨ੍ਹਾਂ ਮੁਤਾਬਿਕ ਅਕਾਲੀ ਦਲ, ਕਾਂਗਰਸ ਅਤੇ ਕੁਝ ਸੰਗਠਨਾਂ ਵੱਲੋਂ ਲਾਹਾ ਲੈਣ ਲਈ ਬਗ਼ੈਰ ਵਜ੍ਹਾ ਮਾਮਲੇ ਨੂੰ ਤੂਲ ਦਿੱਤੀ ਗਈ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਟੀਵੀ ਪ੍ਰੋਗਰਾਮ ਦੀ ਵੀਡੀਓ ਰਿਕਾਰਡਿੰਗ ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਭੇਜ ਦਿੱਤੀ ਹੈ ਅਤੇ ਜੋ ਫ਼ੈਸਲਾ ਆਵੇਗਾ, ਉਸ ਦਾ ਸਤਿਕਾਰ ਕਰਨਗੇ। ਉਨ੍ਹਾਂ ਨਾਲ ਹੀ ਆਖਿਆ ਕਿ ਫਿਰ ਵੀ ਜੇ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਉਸ ਲਈ ਉਨ੍ਹਾਂ ਨੂੰ ਅਫਸੋਸ ਹੈ ਅਤੇ ਖ਼ਿਮਾ ਚਾਹੁੰਦੇ ਹਨ।
ਸੁਖਪਾਲ ਸਿੰਘ ਸਰਾ ਖ਼ਿਲਾਫ਼ ਕੇਸ ਦਰਜ
ਬਠਿੰਡਾ (ਮਨੋਜ ਸ਼ਰਮਾ): ਅੱਜ ਥਾਣਾ ਕੈਨਾਲ ਕਾਲੋਨੀ ਦੀ ਪੁਲੀਸ ਨੇ ਦਲ ਖ਼ਾਲਸਾ ਦੇ ਆਗੂ ਦੀ ਸ਼ਿਕਾਇਤ ’ਤੇ ਭਾਜਪਾ ਆਗੂ ਸੁਖਪਾਲ ਸਿੰਘ ਸਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਕੈਨਾਲ ਦੇ ਮੁਖੀ ਨੇ ਦੱਸਿਆ ਕਿ ਦਲ ਖ਼ਾਲਸਾ ਦੇ ਆਗੂ ਗੁਰਵਿੰਦਰ ਸਿੰਘ ਬਠਿੰਡਾ ਦੇ ਬਿਆਨ ’ਤੇ ਭਾਜਪਾ ਆਗੂ ਸੁਖਪਾਲ ਸਿੰਘ ਸਰਾ ਖ਼ਿਲਾਫ਼ ਧਾਰਾ 295 ਏ 153 ਏ 505 ਆਈ ਪੀਸੀ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।