ਚਰਨਜੀਤ ਭੁੱਲਰ
ਚੰਡੀਗੜ੍ਹ, 16 ਅਕਤੂਬਰ
ਮੁੱਖ ਅੰਸ਼
- ਅਦਾਲਤ ਨੇ ਤਿੰਨ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜਿਆ
- ਸਾਬਕਾ ਕੇਂਦਰੀ ਮੰਤਰੀ ਜੂਨ ’ਚ ਭਾਜਪਾ ਵਿਚ ਹੋਏ ਸਨ ਸ਼ਾਮਲ
ਵਿਜੀਲੈਂਸ ਬਿਊਰੋ ਪੰਜਾਬ ਨੇ ਲੰਘੀ ਰਾਤ ਮੌਜੂਦਾ ਭਾਜਪਾ ਆਗੂ ਅਤੇ ਸਾਬਕਾ ਕਾਂਗਰਸੀ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ 50 ਲੱਖ ਰੁਪਏ ਰਿਸ਼ਵਤ ਦੀ ਪੇਸ਼ਕਸ਼ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ। ‘ਆਪ’ ਸਰਕਾਰ ਨੇ ਆਪਣੇ ਸੱਤ ਮਹੀਨੇ ਪੂਰੇ ਹੋਣ ਮੌਕੇ ਕਿਸੇ ਭਾਜਪਾ ਆਗੂ ਨੂੰ ਹੱਥ ਪਾ ਕੇ ਇੱਕ ਸਿਆਸੀ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਦੋ ਸਾਬਕਾ ਕਾਂਗਰਸੀ ਵਜ਼ੀਰਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਸਾਬਕਾ ਮੰਤਰੀ ਅਰੋੜਾ ਲੰਘੀ 5 ਜੂਨ ਨੂੰ ਹੀ ਭਾਜਪਾ ’ਚ ਸ਼ਾਮਲ ਹੋਏ ਸਨ।
ਵਿਜੀਲੈਂਸ ਦੇ ਏਆਈਜੀ ਮਨਮੋਹਨ ਕੁਮਾਰ ਸ਼ਰਮਾ ਵੱਲੋਂ ਸਾਬਕਾ ਮੰਤਰੀ ਅਰੋੜਾ ਖ਼ਿਲਾਫ਼ ਸਰੋਤਾਂ ਤੋਂ ਵੱਧ ਆਮਦਨ ਦੇ ਮਾਮਲੇ ’ਚ ਜਾਂਚ ਕੀਤੀ ਜਾ ਰਹੀ ਸੀ ਅਤੇ ਉਨ੍ਹਾਂ ਨੂੰ ਪੁੱਛ ਪੜਤਾਲ ਲਈ ਦੋ ਵਾਰ ਤਲਬ ਵੀ ਕੀਤਾ ਜਾ ਚੁੱਕਾ ਹੈ। ਇਸ ਜਾਂਚ ਦੇ ਮੱਦੇਨਜ਼ਰ ਹੀ ਸਾਬਕਾ ਮੰਤਰੀ ਅਰੋੜਾ ਨੇ ਸਹਾਇਕ ਇੰਸਪੈਕਟਰ ਜਨਰਲ ਨੂੰ 50 ਲੱਖ ਰੁਪਏ ਰਿਸ਼ਵਤ ਦੇਣ ਦੀ ਪੇਸ਼ਕਸ਼ ਕੀਤੀ ਸੀ।
ਵਿਜੀਲੈਂਸ ਦੇ ਮੁੱਖ ਨਿਰਦੇਸ਼ਕ ਵਰਿੰਦਰ ਕੁਮਾਰ ਨੇ ਦੱਸਿਆ ਕਿ ਏਆਈਜੀ (ਉਡਣ ਦਸਤਾ, ਪੰਜਾਬ) ਮਨਮੋਹਨ ਕੁਮਾਰ ਦੇ ਬਿਆਨਾਂ ’ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 8 ਅਧੀਨ ਐਫਆਈਆਰ ਨੰਬਰ 19, ਮਿਤੀ 15-10-2022 ਨੂੰ ਦਰਜ ਕਰਕੇ ਸਾਬਕਾ ਮੰਤਰੀ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਦੁਪਹਿਰ ਵਿਜੀਲੈਂਸ ਨੇ ਅਰੋੜਾ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨਾਂ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸੇ ਦੌਰਾਨ ਅਰੋੜਾ ਕਾਫ਼ੀ ਨਮੋਸ਼ੀ ਵਿਚ ਸਨ ਅਤੇ ਆਪਣੇ ਪਰਿਵਾਰ ਨੂੰ ਮਿਲਣ ਮੌਕੇ ਕਾਫ਼ੀ ਭਾਵੁਕ ਦਿਸੇ।
ਵਿਜੀਲੈਂਸ ਮੁਖੀ ਨੇ ਦੱਸਿਆ ਕਿ ਮਨਮੋਹਨ ਕੁਮਾਰ ਨੇ ਬਿਊਰੋ ਨੂੰ ਸ਼ਿਕਾਇਤ ਕੀਤੀ ਹੈ ਕਿ ਅਰੋੜਾ ਨੇ 14 ਅਕਤੂਬਰ ਨੂੰ ਮੁਲਾਕਾਤ ਕਰਕੇ ਉਸ ਵਿਰੁੱਧ ਚੱਲ ਰਹੀ ਵਿਜੀਲੈਂਸ ਜਾਂਚ ਵਿੱਚ ਮਦਦ ਕਰਨ ਲਈ ਉਸ ਨੂੰ ਇੱਕ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਮਨਮੋਹਨ ਕੁਮਾਰ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ ਅਤੇ ਆਪਣੇ ਸ਼ਹਿਰ ਦਾ ਬਾਸ਼ਿੰਦਾ ਹੋਣ ਕਰਕੇ ਸਾਬਕਾ ਮੰਤਰੀ ਅਰੋੜਾ ਨੇ ਬਿਨਾਂ ਕਿਸੇ ਵਿਚੋਲੇ ਤੋਂ ਸਿੱਧੀ ਪਹੁੰਚ ਕਰ ਲਈ। ਮਨਮੋਹਨ ਕੁਮਾਰ ਦੇ ਪਰਿਵਾਰਕ ਰਿਸ਼ਤੇਦਾਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਅਤੇ ਅਫ਼ਸੋਸ ਕਰਨ ਦੇ ਬਹਾਨੇ ਸਾਬਕਾ ਮੰਤਰੀ ਅਰੋੜਾ 14 ਅਕਤੂਬਰ ਨੂੰ ਉਨ੍ਹਾਂ ਦੇ ਘਰ ਚਲੇ ਗਏ। ਅਫ਼ਸੋਸ ਮੌਕੇ ਹੀ ਅਰੋੜਾ ਨੇ ਮਨਮੋਹਨ ਕੁਮਾਰ ਤੋਂ ਜਾਂਚ ਵਿਚ ਮਦਦ ਕਰਨ ਬਦਲੇ ਇੱਕ ਕਰੋੜ ਦੀ ਪੇਸ਼ਕਸ਼ ਕਰ ਦਿੱਤੀ। ਪਤਾ ਲੱਗਾ ਹੈ ਕਿ ਉਦੋਂ ਹੀ ਮਨਮੋਹਨ ਕੁਮਾਰ ਨੇ ਸਾਰੀ ਜਾਣਕਾਰੀ ਵਿਜੀਲੈਂਸ ਮੁਖੀ ਵਰਿੰਦਰ ਕੁਮਾਰ ਨੂੰ ਦੇ ਦਿੱਤੀ ਅਤੇ ਵਿਜੀਲੈਂਸ ਮੁਖੀ ਨੇ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿਚ ਲਿਆਂਦਾ।
ਵਿਜੀਲੈਂਸ ਬਿਊਰੋ ਦੀ ਡੀ.ਐੱਸ.ਪੀ ਅਜੇ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਲੰਘੀ ਰਾਤ ਜ਼ੀਰਕਪੁਰ ਦੇ ਇੱਕ ਸ਼ਾਪਿੰਗ ਮਾਲ ਨੇੜਿਉਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਜਦੋਂ ਉਹ ਬਿਊਰੋ ਏਆਈਜੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕਰ ਰਹੇ ਸਨ। ਜਦੋਂ ਅਰੋੜਾ ਪੰਜਾਹ ਲੱਖ ਦੀ ਨਕਦੀ ਵਾਲਾ ਬੈਗ ਮਨਮੋਹਨ ਕੁਮਾਰ ਨੂੰ ਦੇਣ ਲੱਗੇ ਤਾਂ ਮੌਕੇ ’ਤੇ ਹੀ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਅਤੇ ਪੂਰੇ ਟਰੈਪ ਦੀ ਵੀਡੀਓਗ੍ਰਾਫ਼ੀ ਵੀ ਕੀਤੀ ਗਈ ਹੈ। ਵਿਜੀਲੈਂਸ ਨੇ ਮੌਕੇ ਤੋਂ 50 ਲੱਖ ਰੁਪਏ ਬਰਾਮਦ ਕੀਤੇ ਹਨ। ਦੱਸਦੇ ਹਨ ਕਿ ਇੱਕ ਨੋਟ ਗਿਣਨ ਵਾਲੀ ਛੋਟੀ ਮਸ਼ੀਨ ਵੀ ਫੜੀ ਹੈ ਜਿਸ ਦੀ ਪੁਸ਼ਟੀ ਵਿਜੀਲੈਂਸ ਨੇ ਹਾਲੇ ਨਹੀਂ ਕੀਤੀ ਹੈ। ਪਤਾ ਲੱਗਾ ਹੈ ਕਿ ਪੂਰੇ ਅਪਰੇਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਮੁਖੀ ਵਰਿੰਦਰ ਕੁਮਾਰ ਨਾਲ ਜੁੜੇ ਰਹੇ। ਹੁਣ ਤੱਕ ‘ਆਪ’ ਸਰਕਾਰ ’ਤੇ ਉਂਗਲ ਉੱਠ ਰਹੀ ਸੀ ਕਿ ਭਾਜਪਾ ਆਗੂਆਂ ਨੂੰ ਹੱਥ ਪਾਉਣ ਤੋਂ ਕਿਨਾਰਾ ਕੀਤਾ ਜਾ ਰਿਹਾ ਹੈ। ਜਦੋਂ ਕਈ ਸਾਬਕਾ ਕਾਂਗਰਸੀ ਵਜ਼ੀਰ ਭਾਜਪਾ ’ਚ ਸ਼ਾਮਲ ਹੋਏ ਸਨ ਤਾਂ ਉਦੋਂ ਵੀ ਚਰਚੇ ਛਿੜੇ ਸਨ ਉਹ ਵਿਜੀਲੈਂਸ ਦੇ ਡਰੋਂ ਪਾਰਟੀ ਛੱਡ ਰਹੇ ਹਨ। ਹਾਲਾਂਕਿ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਕਿਹਾ ਸੀ ਕਿ ਕੋਈ ਵੀ ਭ੍ਰਿਸ਼ਟ ਆਗੂ ਬਖ਼ਸ਼ਿਆ ਨਹੀਂ ਜਾਵੇਗਾ, ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ।
ਭ੍ਰਿਸ਼ਟਾਚਾਰ ਦੋਸ਼ਾਂ ’ਤੋਂ ਖਲਾਸੀ ਲਈ ਕੀਤੀ ਸੀ ਰਿਸ਼ਵਤ ਦੀ ਪੇਸ਼ਕਸ਼
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਪਿਛਲੀ ਕਾਂਗਰਸ ਸਰਕਾਰ ਸਮੇਂ ਉਦਯੋਗ ਮੰਤਰੀ ਰਹੇ ਸੁੰਦਰ ਸ਼ਾਮ ਅਰੋੜਾ ਸਨਅਤੀ ਪਲਾਟਾਂ ਦੀ ਖ਼ਰੀਦੋ-ਫ਼ਰੋਖ਼ਤ ਅਤੇ ਮੁਹਾਲੀ ਵਿੱਚ ਬੰਦ ਪਈ ਜੇਸੀਟੀ ਫੈਕਟਰੀ ਦੀ ਜ਼ਮੀਨ ਨੂੰ ਸਸਤੇ ਭਾਅ ’ਤੇ ਵੇਚਣ ਸਮੇਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਕੇਸਾਂ ’ਚੋਂ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਹੀ ਸਾਬਕਾ ਮੰਤਰੀ ਨੇ ਵਿਜੀਲੈਂਸ ਦੇ ਏਆਈਜੀ ਤੇ ਜਾਂਚ ਅਧਿਕਾਰੀ ਮਨਮੋਹਨ ਕੁਮਾਰ ਨੂੰ ਇੱਕ ਕਰੋੜ ਰੁਪਏ ਰਿਸ਼ਵਤ ਦੇਣ ਦੀ ਪੇਸ਼ਕਸ਼ ਕੀਤੀ ਸੀ। ਸਾਬਕਾ ਮੰਤਰੀ ਨੇ ਜਾਂਚ ਅਧਿਕਾਰੀ ਨੂੰ ਫੋਨ ਕੀਤਾ ਕਿ ਉਹ ਉਨ੍ਹਾਂ (ਏਆਈਜੀ) ਦੇ ਘਰ ਦੇ ਬਾਹਰ ਪਹੁੰਚ ਗਏ ਹਨ ਪਰ ਮਨਮੋਹਨ ਕੁਮਾਰ ਨੇ ਉਸ ਨੂੰ ਦੱਸਿਆ ਕਿ ਉਹ ਘਰ ਮੌਜੂਦ ਨਹੀਂ ਹਨ। ਸਾਬਕਾ ਮੰਤਰੀ ਨੂੰ ਹੋਰ ਥਾਂ ਸੱਦਿਆ ਗਿਆ ਜਿੱਥੇ ਵਿਜੀਲੈਂਸ ਦੀ ਟੀਮ ਪਹਿਲਾਂ ਹੀ ਮੌਜੂਦ ਸੀ। ਬੈੱਗ ਵਿੱਚ 2-2 ਹਜ਼ਾਰ ਅਤੇ 500-500 ਰੁਪਏ ਦੇ ਨੋਟ ਸਨ। ਸਾਬਕਾ ਮੰਤਰੀ ਨੇ ਜਿਵੇਂ ਹੀ 50 ਲੱਖ ਰੁਪਏ ਦੀ ਰਿਸ਼ਵਤ ਵਾਲਾ ਬੈਗ ਅਧਿਕਾਰੀ ਦੀ ਗੱਡੀ ਵਿੱਚ ਰਖਵਾਇਆ ਤਾਂ ਵਿਜੀਲੈਂਸ ਦੀ ਟੀਮ ਨੇ ਉਨ੍ਹਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।
ਪੈਸੇ ਦੇ ਸਰੋਤਾਂ ਦੀ ਹੋਵੇਗੀ ਪੜਤਾਲ
ਵਿਜੀਲੈਂਸ ਵੱਲੋਂ ਹੁਣ ਪੁਲੀਸ ਰਿਮਾਂਡ ਦੌਰਾਨ ਇਹ ਤਫ਼ਤੀਸ਼ ਕੀਤੀ ਜਾਵੇਗੀ ਕਿ ਆਖ਼ਰ 50 ਲੱਖ ਰੁਪਏ ਦੀ ਰਾਸ਼ੀ ਕਿਥੋਂ ਆਈ ਅਤੇ ਕਿਹੜੇ ਵਸੀਲਿਆਂ ਤੋਂ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ। ਅਰੋੜਾ ਨੇ ਪਿਛਲੀਆਂ ਚੋਣਾਂ ਸਮੇਂ ਆਪਣੀ ਸੰਪਤੀ ਕਰੀਬ 41 ਕਰੋੜ ਰੁਪਏ ਦੱਸੀ ਸੀ। ਜਦੋਂ ਵਸੀਲਿਆਂ ਤੋਂ ਵੱਧ ਆਮਦਨ ਦੀ ਜਾਂਚ ਪਹਿਲਾਂ ਹੀ ਵਿਜੀਲੈਂਸ ਕਰ ਰਹੀ ਹੈ ਤਾਂ ਉਸ ਕੇਸ ਨੂੰ ਵੀ ਇਹ ਨਵਾਂ ਮਾਮਲਾ ਮਜ਼ਬੂਤ ਕਰੇਗਾ। ਵਿਜੀਲੈਂਸ ਵੱਲੋਂ ਟਰੈਪ ਮੌਕੇ ਅਰੋੜਾ ਨਾਲ ਆਏ ਵਿਅਕਤੀ ਤੋਂ ਵੀ ਪੁੱਛ ਪੜਤਾਲ ਕੀਤੀ ਜਾਵੇਗੀ।
‘ਆਪ’ ਨੇ ਆਪਣੇ ਮੰਤਰੀ ਸਰਾਰੀ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ: ਬਾਜਵਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਗ੍ਰਿਫ਼ਤਾਰੀ ਨੂੰ ਜਾਇਜ਼ ਦੱਸਿਆ ਹੈ ਅਤੇ ਨਾਲ ਕਿਹਾ ਹੈ ਕਿ ‘ਆਪ’ ਸਰਕਾਰ ਹੁਣ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਗ੍ਰਿਫ਼ਤਾਰ ਕਰੇ ਅਤੇ ਕੈਬਨਿਟ ਚੋਂ ਬਾਹਰ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਕਿਹੜੀ ਚੀਜ਼ ਹੈ ਕਿ ਜੋ ਮੁੱਖ ਮੰਤਰੀ ਨੂੰ ਸਰਾਰੀ ਖ਼ਿਲਾਫ਼ ਕਾਰਵਾਈ ਤੋਂ ਰੋਕ ਰਹੀ ਹੈ। ਬਾਜਵਾ ਨੇ ਕਿਸਾਨਾਂ ਦੇ ਸੰਗਰੂਰ ਵਿਚ ਚੱਲ ਰਹੇ ਕਿਸਾਨ ਮੋਰਚਾ ਦਾ ਹੱਲ ਕੱਢਣ ਦੀ ਅਪੀਲ ਵੀ ਕੀਤੀ ਹੈ।
‘ਆਪ’ ਨੇ ਅਰੋੜਾ ਨੂੰ ਗ੍ਰਿਫ਼ਤਾਰ ਕਰ ਕੇ ਸਿਆਸੀ ਪੈਂਤੜਾ ਖੇਡਿਆ: ਭਾਜਪਾ
ਚੰਡੀਗੜ੍ਹ: ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੁੰਦਰ ਸ਼ਾਮ ਅਰੋੜਾ ਦੀ ਗ੍ਰਿਫ਼ਤਾਰੀ ਦੇ ਮਾਮਲੇ ’ਤੇ ਕਿਹਾ ਕਿ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਚੋਣਾਂ ਹੋਣ ਕਰਕੇ ਇਹ ‘ਆਪ’ ਸਰਕਾਰ ਦਾ ਸਿਆਸੀ ਪੈਂਤੜਾ ਹੈ। ਉਨ੍ਹਾਂ ਕਿਹਾ ਕਿ ਹਾਲੇ ਅਰੋੜਾ ਦਾ ਪੱਖ ਸਾਹਮਣੇ ਆਉਣਾ ਬਾਕੀ ਹੈ ਅਤੇ ਉਨ੍ਹਾਂ ਨੂੰ ਕਾਨੂੰਨ ’ਤੇ ਭਰੋਸਾ ਹੈ। ਵਿਰੋਧੀ ਧਿਰਾਂ ਨੇ ਹੁਣ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਮਾਮਲੇ ਨੂੰ ਮੁੜ ਚੁੱਕਿਆ ਹੈ ਅਤੇ ਵਜ਼ੀਰ ਸਰਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਕੈਬਨਿਟ ਮੰਤਰੀ ਸਰਾਰੀ ਖ਼ਿਲਾਫ਼ ਹਾਲੇ ਤੱਕ ਕਾਰਵਾਈ ਨਹੀਂ ਹੋਈ ਹੈ ਜਦੋਂ ਕਿ ਸੌਦੇਬਾਜ਼ੀ ਦੀ ਆਡੀਓ ਕਲਿੱਪ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਵਿਜੇ ਸਿੰਗਲਾ ਵੀ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ ਹੈ।