ਬੀਐੱਸ ਚਾਨਾ
ਸ੍ਰੀ ਅਨੰਦਪੁਰ ਸਾਹਿਬ, 7 ਜੂਨ
ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪੈਗ਼ੰਬਰ ਮੁਹੰਮਦ ਉਪਰ ਕੀਤੀ ਟਿੱਪਣੀ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਕਿਸੇ ਵੀ ਰਾਜਨੀਤਕ, ਧਾਰਮਿਕ ਜਾਂ ਸਮਾਜਿਕ ਆਗੂ ਨੂੰ ਕਿਸੇ ਦੂਸਰੇ ਦੇ ਧਰਮ ਅਤੇ ਉਸ ਦੇ ਧਾਰਮਿਕ ਗ੍ਰੰਥਾਂ, ਵਿਸ਼ਵਾਸਾਂ, ਰ-ਹੁਰੀਤਾਂ ਸਬੰਧੀ ਭੱਦੀ ਅਪਮਾਨਜਨਕ ਟਿਪਣੀ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਾ ਚਾਹੀਦਾ ਹੈ। ਸ਼ਾਂਤੀਪੂਰਨ ਰਹਿ ਰਹੇ ਲੋਕਾਂ ਨੂੰ ਧਰਮ ਦੇ ਨਾਂ ’ਤੇ ਲੜਾ ਕੇ ਹਿੰਸਾ ਨਹੀਂ ਫੈਲਾਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾਵਾਂ ਵੱਲੋਂ ਪੈਗ਼ੰਬਰ ਮੁਹੰਮਦ ਖ਼ਿਲਾਫ਼ ਟਿੱਪਣੀ ਨੇ ਸਮੁੱਚੇ ਦੇਸ਼ ਨੂੰ ਕਟਹਿਰੇ ’ਚ ਖੜਾ ਕਰ ਦਿੱਤਾ ਹੈ। 57 ਮੁਸਲਿਮ ਤੇ ਅਰਬ ਦੇਸ਼ਾਂ ਨੇ ਇਸ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ ਅਤੇ ਕੁਵੈਤ ਸੁਪਰ ਮਾਰਕੀਟ ਨੇ ਭਾਰਤੀ ਉਤਪਾਦਾਂ ’ਤੇ ਪਾਬੰਦੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਈ ਦੇਸ਼ਾਂ ਨੇ ਭਾਰੀ ਰਾਜਦੂਤਾਂ ਨੂੰ ਤਲਬ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹੁਣ ਭਾਜਪਾ ਨੇ ਬਿਆਨ ਦੇਣ ਵਾਲਿਆਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿਤਾ ਹੈ ਪਰ ਇਨ੍ਹਾਂ ਬਿਆਨਾਂ ਨਾਲ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਨਹੀਂ ਹੋ ਸਕਦੀ।