ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਦਸੰਬਰ
ਪੰਜਾਬ ਦੇ ਪੰਜ ਮੰਤਰੀਆਂ ਨੇ ਭਾਜਪਾ ਦੇ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ’ਤੇ ਨੀਵੇਂ ਦਰਜੇ ਦੀ ਬਿਆਨਬਾਜ਼ੀ ਕਰ ਕੇ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਕਰਨ ਦੇ ਦੋਸ਼ ਲਾਏ ਹਨ। ਕਿਸਾਨਾਂ ’ਤੇ ਅਤਿਵਾਦੀ ਹੋਣ ਅਤੇ ਡੀਜੀਪੀ ਵਿਰੁੱਧ ਲਾਏ ਦੋਸ਼ਾਂ ਨੂੰ ਨਿਰਆਧਾਰ ਦੱਸਦਿਆਂ ਮੰਤਰੀਆਂ ਨੇ ਭਾਜਪਾ ਆਗੂ ਨੂੰ ਮਰਿਆਦਾ ਦੀਆਂ ਹੱਦਾਂ ਪਾਰ ਨਾ ਕਰਨ ਦੀ ਚਿਤਾਵਨੀ ਦਿੱਤੀ। ਉਨ੍ਹਾਂ ਦਾ ਤਰਕ ਸੀ ਕਿ ਇਹ ਘਟੀਆ ਹੱਥਕੰਡੇ ਭਾਜਪਾ ਦੀ ਖੁੱਸ ਚੁੱਕੀ ਸਾਖ ਨੂੰ ਬਹਾਲ ਕਰਨ ਵਿੱਚ ਸਹਾਈ ਨਹੀਂ ਹੋਣਗੇ।
ਪਟਿਆਲਾ ਵਿੱਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਭਾਰਤ ਭੂਸ਼ਣ ਆਸ਼ੂ, ਵਿਜੈਇੰਦਰ ਸਿੰਗਲਾ, ਓ.ਪੀ. ਸੋਨੀ ਅਤੇ ਸੁੰਦਰ ਸ਼ਾਮ ਅਰੋੜਾ ਨੇ ਅਸ਼ਵਨੀ ਸ਼ਰਮਾ ਨੂੰ ਸੰਬੋਧਿਤ ਹੁੰਦਿਆਂ ਕਿਹਾ, ‘ਤੁਸੀਂ ਖਾਲਿਸਤਾਨੀਆਂ, ਸ਼ਹਿਰੀ ਨਕਸਲੀਆਂ ਅਤੇ ਖੱਬੇ ਪੱਖੀਆਂ ਨਾਲ ਤੁਲਨਾ ਕਰ ਕੇ ਸਾਡੇ ਕਿਸਾਨਾਂ ਦੀ ਤੌਹੀਨ ਕੀਤੀ ਹੈ। ਲੋਕਾਂ ਦੀ ਆਵਾਜ਼ ਦਬਾਉਣਾ ਭਾਜਪਾ ਦੀ ਆਦਤ ਰਹੀ ਹੈ, ਪਰ ਪੰਜਾਬ ਵਿੱਚ ਉਨ੍ਹਾਂ ਦੇ ਅਜਿਹੇ ਮਨਸੂਬੇ ਸਫ਼ਲ ਨਹੀਂ ਹੋ ਸਕਣਗੇ ਕਿਉਂਕਿ ਕਿਸਾਨਾਂ ਨੇ ਉਨ੍ਹਾਂ ਦੀਆਂ ਘਟੀਆ ਚਾਲਾਂ ਅਤੇ ਖੋਖਲੇ ਵਾਅਦਿਆਂ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ।’
ਭਾਜਪਾ ਦੇ ਸੂਬਾਈ ਪ੍ਰਧਾਨ ਵੱਲੋਂ ਡੀਜੀਪੀ ਵਿਰੁੱਧ ਲਗਾਏ ਦੋਸ਼ਾਂ ਦਾ ਹਵਾਲਾ ਦਿੰਦਿਆਂ, ਬ੍ਰਹਮ ਮਹਿੰਦਰਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਾਰੀ ਕਿਸਾਨੀ ਘੋਲ ਨੂੰ ਦੇਸ਼ ਭਰ ਦੇ ਸਮੁੱਚੇ ਵਰਗਾਂ ਦੇ ਮਿਲ ਰਹੇ ਸਮਰਥਨ ਦੀ ਨਿਰਾਸ਼ਾ ’ਚ ਭਾਜਪਾ ਨੇਤਾ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਆਗੂ ਦੇ ਸੂਬਾਈ ਪ੍ਰਧਾਨ ਦੀ ਗ਼ੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਦੇ ਤੁਲ ਹੈ।
ਕਿਸਾਨਾਂ ਦੀ ਭਲਾਈ ਲਈ ਸੂਬਾ ਸਰਕਾਰ ਦੇ ਸੰਕਲਪ ਦਾ ਜ਼ਿਕਰ ਕਰਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਅਸਲ ਮੁੱਦੇ ਤੋਂ ਧਿਆਨ ਲਾਂਭੇ ਕਰਨ ਲਈ ਭਾਜਪਾ ਨੀਂਵੇ ਦਰਜੇ ਦੀ ਸਿਆਸਤ ਕਰ ਰਹੀ ਹੈ ਪਰ ਕੁਝ ਸਰਮਾਏਦਾਰਾਂ ਦੇ ਇਸ਼ਾਰੇ ’ਤੇ ਖੇਤੀਬਾੜੀ ਸੈਕਟਰ ਨੂੰ ਬਰਬਾਦ ਕਰਨ ਦੀਆਂ ਕੇਂਦਰੀ ਹਕੂਮਤ ਦੀਆਂ ਕੋਸ਼ਿਸ਼ਾਂ ਨੂੰ ਪੰਜਾਬ ਸਰਕਾਰ ਸਫ਼ਲ ਨਹੀਂ ਹੋਣ ਦੇਵੇਗੀ।
ਕਿਸਾਨਾਂ ਨੂੰ ਅਤਿਵਾਦੀ ਆਖਣਾ ਸ਼ਰਮਨਾਕ: ਆਸ਼ੂ
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਅਤਿਵਾਦੀ ਅਤੇ ਖਾਲਿਸਤਾਨੀ ਆਖਣਾ ਸ਼ਰਮਨਾਕ, ਘਟੀਆ ਅਤੇ ਨਿੰਦਣਯੋਗ ਕਾਰਵਾਈ ਹੈ। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਲੋਕ, ਖਾਸ ਕਰਕੇ ਪੰਜਾਬੀ, ਕੇਂਦਰ ਦੀਆਂ ਘਟੀਆ ਨੀਤੀਆਂ ਕਰਕੇ ਖ਼ੁਦ ਨਾਲ ਧੋਖਾ ਹੋਇਆ ਮਹਿਸੂਸ ਕਰ ਰਹੇ ਹਨ ਤੇ ਸਿਆਸਤ ਦੇ ਅਖਾੜੇ ’ਚੋਂ ਵੀ ਭਾਜਪਾ ਨੂੰ ਕਰਾਰਾ ਜਵਾਬ ਦੇਣਗੇ।