ਬੇਅੰਤ ਸਿੰਘ ਪੱਟੀ/ਤੇਜਿੰਦਰ ਸਿੰਘ ਖਾਲਸਾ
ਪੱਟੀ/ਚੋਹਲਾ ਸਾਹਿਬ, 5 ਜਨਵਰੀ
ਹਰੀਕੇ ਹੈੱਡ ’ਤੇ ਭਾਜਪਾ ਦੀ ਫਿਰੋਜ਼ਪੁਰ ਰੈਲੀ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਲੱਗੇ ਧਰਨੇ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਿੰਡ ਰਸੂਲਪੁਰ ਨੇੜੇ ਕਿਸਾਨਾਂ ਨੇ ਹਾਈਵੇਅ ਜਾਮ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।
ਪਿੰਡ ਜਿਉਣੇਕੇ ਟੀ ਪੁਆਇੰਟ ’ਤੇ ਉਸ ਵੇਲੇ ਸਥਿਤੀ ਕਾਫੀ ਤਣਾਅਪੂਰਨ ਬਣ ਗਈ, ਜਦੋਂ ਫ਼ਿਰੋਜ਼ਪੁਰ ਰੈਲੀ ਨੂੰ ਜਾ ਰਹੇ ਸੈਂਕੜੇ ਭਾਜਪਾ ਵਰਕਰਾਂ ਨੂੰ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਨੇ ਰੋਕ ਲਿਆ। ਦੋਵਾਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਅਤੇ ਇਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਡੀਐੱਸਪੀ ਪੱਟੀ ਦੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਵੱਲੋਂ ਦੋਵਾਂ ਧਿਰਾਂ ਨੂੰ ਮੌਕੇ ’ਤੇ ਸ਼ਾਂਤ ਕੀਤਾ। ਸੰਘਰਸ਼ ਕਮੇਟੀ ਨੇ ਤਕਰੀਬਨ 20-25 ਬੱਸਾਂ ਦਾ ਕਾਫ਼ਲਾ ਵਾਪਸ ਮੋੜਿਆ। ਇਸੇ ਤਰ੍ਹਾਂ ਪੱਟੀ ਇਲਾਕੇ ਦੇ ਪਿੰਡ ਕੋਟ ਬੁੱਢਾ ਨੇੜੇ ਭਉਵਾਲ ਪੁਲ ’ਤੇ ਜਥੇਬੰਦੀ ਨੇ ਫ਼ਿਰੋਜ਼ਪੁਰ ਨੂੰ ਜਾਣ ਵਾਲੇ ਸੜਕੀ ਮਾਰਗ ’ਤੇ ਵੀ ਧਰਨਾ ਲਾਇਆ, ਜਿਸ ਕਾਰਨ ਆਵਾਜਾਈ ਮੁਕੰਮਲ ਠੱਪ ਰਹੀ।
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਜਗਰਾਉਂ ਸ਼ਹਿਰ ਦੀ ਹੱਦ ਨਾਲ ਸਥਿਤ ਪਿੰਡ ਕੋਠੇ ਰਾਹਲਾਂ ਵਿੱਚ ਮੀਂਹ ਤੇ ਠੰਢ ਦੇ ਬਾਵਜੂਦ ਵਿਰੋਧ ’ਚ ਡਟੇ ਕਿਸਾਨਾਂ ਨੇ ਦੋ ਬੱਸਾਂ ਘੇਰ ਲਈਆਂ। ਬੱਸਾਂ ਵਿੱਚ ਸਵਾਰ ਲੋਕਾਂ ਨੂੰ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਰੀਬ ਸਾਢੇ ਸੱਤ ਸੌਂ ਕਿਸਾਨਾਂ ਦੀ ਸ਼ਹਾਦਤ ਯਾਦ ਕਰਵਾਉਂਦਿਆਂ ਲਾਹਨਤਾਂ ਪਾਈਆਂ। ਬੰਦਿਆਂ ਨਾਲ ਭਰੀ ਇੱਕ ਬੱਸ ਨੂੰ ਕਿਸਾਨਾਂ ਨੇ ਖਾਲੀ ਕਰਵਾ ਦਿੱਤਾ ਜਦ ਕਿ ਦੂਜੀ ਬੱਸ ਵਿੱਚ ਸਵਾਰ ਔਰਤਾਂ ਨੇ ‘ਦਿਹਾੜੀ’ ਉੱਤੇ ਜਾਣ ਦੀ ਗੱਲ ਆਖ ਕੇ ਖਹਿੜਾ ਛੁਡਵਾਇਆ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਸੜਕਾਂ ਕਿਨਾਰੇ ਲਾਏ ਧਰਨੇ
ਚੰਡੀਗੜ੍ਹ/ਜ਼ੀਰਾ (ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਵਿਰੋਧ ਦੇ ਕੀਤੇ ਐਲਾਨ ਤਹਿਤ 4 ਜਨਵਰੀ ਨੂੰ ਪ੍ਰਸ਼ਾਸਨ ਨੇ ਕਿਸਾਨਾਂ-ਮਜ਼ਦੂਰਾਂ ਦੇ ਕਾਫ਼ਲਿਆਂ ਨੂੰ ਰਸਤੇ ਵਿੱਚ ਰੋਕ ਲਿਆ, ਜਿਸ ਕਾਰਨ ਜਥੇਬੰਦੀ ਦੇ ਕਾਰਕੁਨ ਉਨ੍ਹਾਂ ਥਾਵਾਂ ’ਤੇ ਧਰਨੇ ਲਾ ਕੇ ਬੈਠ ਗਏ। ਉਪਰੰਤ ਬੀਤੀ ਦੇਰ ਸ਼ਾਮ ਤੱਕ ਪ੍ਰਸ਼ਾਸਨ ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਕਮੇਟੀ ਅਹੁਦੇਦਾਰਾਂ ਦੀ ਲੰਮੀ ਗੱਲਬਾਤ ਹੋਈ, ਜਿਸ ਵਿੱਚ 15 ਜਨਵਰੀ ਤੱਕ ਐੱਮਐੱਸਪੀ ਉੱਤੇ ਕਮੇਟੀ ਬਣਾਉਣ, ਇੱਕ ਮਹੀਨੇ ਵਿੱਚ ਕਿਸਾਨਾਂ-ਮਜ਼ਦੂਰਾਂ ’ਤੇ ਅੰਦੋਲਨ ਦੌਰਾਨ ਦਰਜ ਹੋਏ ਕੇਸ ਵਾਪਸ ਲੈਣ, ਯੂਪੀ ਤੇ ਹਰਿਆਣਾ ’ਚ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਤੇ ਜਥੇਬੰਦੀ ਦੇ 3 ਮੈਂਬਰੀ ਵਫ਼ਦ ਦੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਕਰਵਾਉਣ ਸਬੰਧੀ ਸਹਿਮਤੀ ਬਣੀ ਹੈ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਆਖਿਆ ਕਿ ਕਿਸਾਨਾਂ ਦੀ ਨਾਰਾਜ਼ਗੀ ਕਰਕੇ ਪੰਜਾਬ ਦੇ ਲੋਕ ਭਾਜਪਾ ਦੀ ਰੈਲੀ ਵਿੱਚ ਨਹੀਂ ਗਏ। ਭਾਜਪਾ ਆਗੂਆਂ ਦੀਆਂ ਆਸਾਂ ਵੀ ਧਰੀਆਂ ਧਰਾਈਆਂ ਰਹਿ ਗਈਆਂ, ਜਿਨ੍ਹਾਂ ਨੇ ਰੈਲੀ ਨੂੰ ਸਫ਼ਲ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ। ਭਾਜਪਾ ਆਗੂ ਰੈਲੀ ਰੱਦ ਹੋਣ ਦਾ ਕਾਰਨ ਖ਼ਰਾਬ ਮੌਸਮ ਦੱਸ ਰਹੇ ਹਨ।
ਕ੍ਰਾਂਤੀਕਾਰੀ ਯੂਨੀਅਨ ਨੇ ਪਿਆਰੇਆਣਾ ਪੁਲ ’ਤੇ ਜਾਮ ਲਾਇਆ
ਜ਼ੀਰਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ ਰੋਕ ਕੇ ਤਿੱਖਾ ਵਿਰੋਧ ਕੀਤਾ ਅਤੇ ਪ੍ਰਧਾਨ ਮੰਤਰੀ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਜਨਰਲ ਸਕੱਤਰ ਬਲਦੇਵ ਜ਼ੀਰਾ ਨੇ ਦੱਸਿਆ ਕਿ ਕਿਸਾਨਾਂ ਦੀਆਂ ਮੰਗਾਂ ਸਬੰਧੀ ਕੇਂਦਰ ਦੇ ਰਵੱਈਏ ਬਾਰੇ ਕਿਸਾਨ ਜਥੇਬੰਦੀਆਂ ਵਿੱਚ ਭਾਰੀ ਰੋਸ ਹੈ ਜਿਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਦਾ ਲਗਾਤਾਰ ਵਿਰੋਧ ਹੋ ਰਿਹਾ ਸੀ। ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਪਿਆਰੇਆਣਾ ਪੁਲ ’ਤੇ ਜਾਮ ਲਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਮੌਕੇ ’ਤੇ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਪਰ ਕਿਸਾਨ ਮੋਰਚੇ ’ਤੇ ਡਟੇ ਰਹੇ ਜਿਸ ਕਾਰਨ ਪ੍ਰਧਾਨ ਮੰਤਰੀ ਦਾ ਕਾਫਲਾ 15 ਤੋਂ 20 ਮਿੰਟ ਰੁਕ ਕੇ ਵਾਪਸ ਚਲਾ ਗਿਆ।