ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਮਈ
ਸਾਬਕਾ ਅਕਾਲੀ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਖਿਆ ਕਿ ਕਿਸਾਨ ਅੰਦੋਲਨ ਦਾ ਅਸਰ ਬੰਗਾਲ ਚੋਣਾਂ ’ਤੇ ਪਿਆ ਹੈ ਤੇ ਉੱਥੇ ਭਾਜਪਾ ਦੀ ਹਾਰ ਹੋਈ ਹੈ। ਉਨ੍ਹਾਂ ਕਿਹਾ ਕਿ ਬੰਗਾਲੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁਣੌਤੀ ਦਾ ਮੋੜਵਾਂ ਜਵਾਬ ਦਿੱਤਾ ਹੈ, ਜਿਸ ਨਾਲ ਮੋਦੀ ਤੇ ਸ਼ਾਹ ਦੀ ਜੋੜੀ ਬੁਰੀ ਤਰ੍ਹਾਂ ਚਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਇਸ ਹਾਰ ਦਾ ਦੇਸ਼ ਦੀ ਸਿਆਸਤ ’ਤੇ ਵੀ ਅਸਰ ਪਵੇਗਾ। ਬੰਗਾਲ ਅਤੇ ਪੰਜਾਬ ਨੇ ਹਮੇਸ਼ਾ ਦੇਸ਼ ਨੂੰ ਸੇਧ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨੂੰ ਅਣਗੌਲਿਆਂ ਕੀਤਾ ਹੈ, ਜਿਸ ਦਾ ਅਸਰ ਚੋਣ ਮੁਹਿੰਮ ’ਤੇ ਹੋਇਆ ਹੈ। ਭਾਜਪਾ ਦਾ ਬੰਗਾਲ ਜਿੱਤਣ ਦਾ ਟੀਚਾ ਸੀ ਪਰ ਲੋਕਤੰਤਰੀ ਤਾਕਤਾਂ ਨੇ ਫਿਰਕਾਪ੍ਰਸਤਾਂ ਨੂੰ ਨਕਾਰ ਦਿੱਤਾ ਹੈ।