ਪਾਲ ਸਿੰਘ ਨੌਲੀ/ਸਰਬਜੀਤ ਗਿੱਲ
ਜਲੰਧਰ/ਫਿਲੌਰ, 11 ਮਾਰਚ
ਕਾਲੇ ਖੇਤੀ ਕਾਨੂੰਨਾਂ ਵਿਰੁੱਧ ਲੜੀ ਜਾ ਰਹੀ ਲੜਾਈ ਦੌਰਾਨ ਦੋਆਬੇ ਵਿਚ ਮਜ਼ਦੂਰ ਕਿਸਾਨ ਏਕਤਾ ਮਹਾਰੈਲੀ ਪਿੰਡ ਮੁਠੱਡਾ ਕਲਾਂ ਵਿਚ ਭਲਕੇ 12 ਮਾਰਚ ਨੂੰ ਹੋ ਰਹੀ ਹੈ।
ਇਸ ਰੈਲੀ ਵਿਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਦੋਆਬਾ ਕਿਸਾਨ ਕਮੇਟੀ (ਆਜ਼ਾਦ) ਦੇ ਪ੍ਰਧਾਨ ਹਰਪਾਲ ਸਿੰਘ ਸੰਘਾ, ਮਜ਼ਦੂਰ ਅਧਿਕਾਰ ਸੰਗਠਨ ਨਵੀਂ ਦਿੱਲੀ ਦੀ ਆਗੂ ਨੌਦੀਪ ਕੌਰ ਅਤੇ ਬੀਕੇਯੂ ਏਕਤਾ ਉਗਰਾਹਾਂ ਦੀ ਔਰਤ ਆਗੂ ਹਰਿੰਦਰ ਕੌਰ ਬਿੰਦੂ ਸਮੇਤ ਹੋਰ ਬੁੱਧੀਜੀਵੀ ਤੇ ਸਮਾਜ ਸੇਵੀ ਇਸ ਮਹਾਰੈਲੀ ਵਿਚ ਪਹੁੰਚ ਰਹੇ ਹਨ। ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਜ਼ਿਲ੍ਹਾ ਕਮੇਟੀ ਨੇ ਕਿਹਾ ਕਿ ਮੁਠੱਡਾ ਕਲਾਂ ਵਿਚ ਹੋਣ ਵਾਲੀ ਮਹਾਰੈਲੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸੇ ਤਰ੍ਹਾਂ ਬੀਕੇਯੂ ਦੋਆਬਾ ਵੱਲੋਂ 23 ਮਾਰਚ ਨੂੰ ਖਟਕੜ ਕਲਾਂ ’ਚ ਕਿਸਾਨਾਂ ਦੀ ਮਹਾ ਰੈਲੀ ਕੀਤੀ ਜਾ ਰਹੀ ਹੈ। ਜਥੇਬੰਦੀ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਤੇ ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਦੱਸਿਆ ਕਿ ਦੋਆਬੇ ਦੀਆਂ ਕਿਸਾਨ ਰੈਲੀਆਂ ਅੰਦੋਲਨ ਨੂੰ ਵੱਡੀ ਮਜ਼ਬੂਤੀ ਪ੍ਰਦਾਨ ਕਰਨਗੀਆਂ।
ਮਜ਼ਦੂਰ ਕਿਸਾਨ ਸੰਘਰਸ਼ ਹਮਾਇਤੀ ਕਮੇਟੀ, ਸਮੂਹ ਨਗਰ ਨਿਵਾਸੀ ਅਤੇ ਗ੍ਰਾਮ ਪੰਚਾਇਤ ਮੁਠੱਡਾ ਕਲਾਂ ਵੱਲੋਂ ਪਿੰਡ ਦੇ ਸਤਿਗੁਰੂ ਰਾਮ ਸਿੰਘ ਖੇਡ ਸਟੇਡੀਅਮ ਵਿੱਚ ਕੀਤੀ ਜਾ ਰਹੀ ਇਸ ਮਜ਼ਦੂਰ ਕਿਸਾਨ ਏਕਤਾ ਮਹਾਰੈਲੀ ਸਬੰਧੀ ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਤੀ ਮੋਹਣ ਸਰਪੰਚ ਮੁਠੱਡਾ ਕਲਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਜਲੰਧਰ ਦੇ ਆਗੂ ਬਲਵੰਤ ਸਿੰਘ ਮਲਸੀਆਂ, ਨਿਰਮਲ ਸਿੰਘ ਜਹਾਂਗੀਰ ਅਤੇ ਕਮਲਜੀਤ ਕੌਰ ਨੇ ਦੱਸਿਆ ਕਿ ਦੱਸਿਆ ਕਿ ਮੁਠੱਡਾ ਕਲਾਂ ਰੈਲੀ ਲਈ ਪੰਡਾਲ, ਸਾਊਂਡ, ਪਾਰਕਿੰਗ, ਲੰਗਰ, ਸਕਿਉਰਟੀ, ਪ੍ਰਚਾਰ ਅਤੇ ਲਾਮਬੰਦੀ ਨਾਲ ਜੁੜੇ ਸਾਰੇ ਕਾਰਜ ਵਿਸ਼ੇਸ਼ ਕਰਕੇ ਨੌਜਵਾਨਾਂ ਦੀਆਂ ਟੀਮਾਂ ਬਣਾ ਕੇ ਨੇਪਰੇ ਚਾੜ੍ਹੇ ਜਾ ਰਹੇ ਹਨ। ਪਿੰਡ ਅਤੇ ਇਲਾਕੇ ਅੰਦਰ ਮੀਟਿੰਗਾਂ ਦੀ ਵਿੱਢੀ ਮੁਹਿੰਮ ਨੂੰ ਲਾਮਿਸਾਲ ਹੁੰਗਾਰਾ ਮਿਲ ਰਿਹਾ ਹੈ।